Punjab

ਕੋਟਕਪੂਰਾ ਬੇਅਦਬੀ ਮਾਮਲਾ : ਅਕਾਲੀ ਦਲ ਦੀ ਮੰਗ ‘ਤੇ ਸਿੱਧੂ ਦੇ ਸਨਸਨੀਖੇਜ ਖੁਲਾਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ‘ਤੇ ਮੰਗੇ ਸਬੂਤਾਂ ‘ਤੇ ਜਵਾਬ ਦਿੰਦਿਆਂ ਕਿਹਾ ਕਿ ਬਾਦਲਾਂ ਖਿਲਾਫ ਰਣਜੀਤ ਕਮਿਸ਼ਨ ਕੋਲ ਕਾਫੀ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਖੁਦ ਸਤੰਬਰ 2018 ਵਿੱਚ ਸਬੂਤ ਜਾਰੀ ਕੀਤੇ ਸਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਡੀਜੀਪੀ, ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਲਿਆਂਦੀ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਹੁਕਮਾਂ ‘ਤੇ ਪੁਲਿਸ ਨੇ ਕਾਰਵਾਈ ਕੀਤੀ ਸੀ। ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਕਿ ‘ਤੁਸੀਂ ਬਸ ਦੋਸ਼ੀ ਹੋ ਅਤੇ ਤੁਹਾਨੂੰ ਬਚਾਇਆ ਜਾ ਰਿਹਾ ਹੈ’।

ਸਿੱਧੂ ਨੇਕਿਹਾ ਕਿ ‘ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲਾਂ ਖ਼ਿਲਾਫ਼ ਬਹੁਤ ਸਾਰੇ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ। ਸਤੰਬਰ 2018 ਵਿੱਚ ਮੈਂ ਡਾਕਟਰਾਂ, ਸਾਬਕਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਜਨਤਕ ਕੀਤੇ ਸਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ, 2015 ਦੀ ਰਾਤ ਨੂੰ ਕੋਟਕਪੂਰਾ ਚੌਂਕ ‘ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।’ ਸਿੱਧੂ ਨੇ ਕਿਹਾ ਕਿ ‘ਬਹੁਤ ਸਾਰੇ ਧਰਨਿਆਂ ਵਿੱਚ ਰੈੱਡ ਅਲਰਟ ਹੁੰਦਾ ਹੈ, ਪੁਲਿਸ ਅਲਰਟ ਹੁੰਦੀ ਹੈ ਪਰ ਇੱਥੇ ਡਾਕਟਰ ਅਲਰਟ ਹੋਇਆ। ਇਹ ਸਾਰੀ ਘਟਨਾ ਦੇ ਵਿੱਚ ਇੱਕ ਬਹੁਤ ਵੱਡਾ ਤੱਥ ਹੈ।

ਸਿੱਧੂ ਨੇ ਕਿਹਾ ਕਿ ‘ਬਾਦਲ ਰਾਜ ਵਿੱਚ ਜਸਟਿਸ (ਰਿਟਾ.) ਜੋਰਾ ਸਿੰਘ ਇੰਨਕੁਆਇਰੀ ਕਮਿਸ਼ਨ ਦੇ ਕੋਲੋਂ ਘਟਨਾ ਦੀ ਸੀਸੀਟੀਵੀ ਫੁਟੇਜ ਲੁਕਾਈ ਗਈ ਸੀ ਪਰ ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ। ਮੈਂ ਇਸ ਫੁਟੇਜ ਨੂੰ ਜਨਤਕ ਕੀਤਾ, ਜੋ ਬਾਦਲਾਂ ਦੇ ਇਸ਼ਾਰੇ ‘ਤੇ ਪੁਲਿਸ ਦੀ ਕਾਰਵਾਈ ਨੂੰ ਦਰਸਾਉਂਦੀ ਹੈ’।

ਘਟਨਾ ਦੌਰਾਨ ਮੌਜੂਦ ਇੱਕ ਡਾਕਟਰ ਦੇ ਬਿਆਨ ਨੂੰ ਕੀਤਾ ਪੇਸ਼

ਸਿੱਧੂ ਨੇ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚੋਂ ਖੁਲਾਸਾ ਕਰਦਿਆਂ ਕਿਹਾ ਕਿ ‘3:03 ਵਜੇ ਤਤਕਾਲੀ ਐੱਸਐੱਮਓ ਨੇ ਇੱਕ ਡਾਕਟਰ ਨੂੰ ਫੋਨ ਕਰਕੇ ਤੁਰੰਤ ਕੋਟਕਪੂਰਾ ਹਸਪਤਾਲ ਵਿੱਚ ਪਹੁੰਚਣ ਲਈ ਕਿਹਾ ਸੀ। ਡਾ. ਕੁਲਵਿੰਦਰਪਾਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਮੈਨੂੰ ਤਤਕਾਲੀ ਐੱਸਐੱਓ ਦਾ ਫੋਨ ਆਇਆ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ 14 ਅਕਤੂਬਰ 2015 ਨੂੰ ਮੇਰੇ ਸਮੇਤ ਕੁੱਝ ਹੋਰ ਡਾਕਟਰਾਂ ਦੀ ਤੁਰੰਤ ਮੰਗ ਕੀਤੀ ਗਈ ਸੀ। ਸਵੇਰੇ 5 ਵਜੇ ਸਾਨੂੰ ਸਾਰੇ ਡਾਕਟਰਾਂ ਨੂੰ ਕੋਟਕਪੂਰਾ ਚੌਂਕ ਵਿੱਚ ਲਿਜਾਇਆ ਗਿਆ। ਉੱਥੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਸਨ ਅਤੇ ਪੁਲਿਸ ਕੈਨਨ ਲੈ ਕੇ ਉੱਥੇ ਪਹੁੰਚੀ ਹੋਈ ਸੀ।

ਕੋਟਕਪੂਰਾ ਚੌਂਕ ਵਿੱਚ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦਾ ਤਸ਼ੱਦਦ

ਅਸੀਂ 6:30 ਵਜੇ ਹਸਪਤਾਲ ਵਾਪਸ ਗਏ। ਵਾਪਸ ਆ ਕੇ ਅਸੀਂ ਸਾਰੇ ਡਾਕਟਰ ਹਸਪਤਾਲ ਦੀ ਛੱਤ ‘ਤੇ ਚਲੇ ਗਏ ਅਤੇ ਸਾਨੂੰ ਪੁਲਿਸ ਫੋਰਸ ਨੇ ਕਿਹਾ ਕਿ ਛੱਤ ਤੋਂ ਥੱਲੇ ਉੱਤਰੋ, ਤੁਹਾਨੂੰ ਗੋਲੀ ਲੱਗਣ ਦਾ ਖਤਰਾ ਹੈ। ਅਸੀਂ ਫਿਰ ਥੱਲੇ ਆ ਗਏ। ਉਸ ਤੋਂ ਕੁੱਝ ਸਮੇਂ ਬਾਅਦ ਹੀ ਹਸਪਤਾਲ ਵਿੱਚ ਮਰੀਜ਼ਾਂ ਦੇ ਆਉਣ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ। ਮੈਂ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਕੁੱਝ ਸਮੇਂ ਬਾਅਦ ਹੀ ਮਰੀਜ਼ਾਂ ਦੇ ਆਉਣ ਦੀ ਗਿਣਤੀ ਘੱਟ ਗਈ’।

ਵਿਧਾਇਕ ਮਨਤਾਰ ਬਰਾੜ ਦੀ ਕਾਰਗੁਜ਼ਾਰੀ ਬਾਰੇ ਪਾਇਆ ਚਾਨਣਾ

ਸਿੱਧੂ ਨੇ ਜਾਂਚ ਰਿਪੋਰਟ ਵਿੱਚੋਂ ਖੁਲਾਸਾ ਕਰਦਿਆਂ ਕਿਹਾ ਕਿ ‘ਉਸ ਸਮੇਂ ਵਿਧਾਇਕ ਮਨਤਾਰ ਬਰਾੜ ਨੇ ਤਤਕਲੀ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ। ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਮਨਤਾਰ ਬਰਾੜ ਨੇ ਲੋਕਾਂ ਨੂੰ ਕਿਹਾ ਕਿ ਮੁੱਖ ਮੰਤਰੀ ਨੇ ਕੁੱਝ ਕਰਨ ਦਾ ਭਰੋਸਾ ਦਿੱਤਾ ਹੈ।

ਸੀਸੀਟੀਵੀ ਫੁਟੇਜ ਦਾ ਕੀਤਾ ਖੁਲਾਸਾ

ਸਿੱਧੂ ਨੇ ਦੱਸਿਆ ਕਿ ’14 ਅਕਤੂਬਰ 2015 ਵਾਲੀ ਘਟਨਾ ਸਬੰਧੀ ਸੀਸੀਟੀਵੀ ਵਿੱਚ ਸਾਫ ਦਿਖਦਾ ਹੈ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਦਿਆਂ ਗੁਰਬਾਣੀ ਪਾਠ ਕਰਦੀ ਸੰਗਤ ਉੱਪਰ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਨੇ ਸੋਚੇ-ਸਮਝੇ ਢੰਗ ਮੁਤਾਬਕ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਅਤੇ ਅੰਨ੍ਹੇਵਾਹ ਗੋਲੀ ਚਲਾਈ। ਇਸ ਗੋਲੀਕਾਂਡ ਵਿੱਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਹੋਰ ਕਈ ਲੋਕ ਜ਼ਖਮੀ ਹੋ ਗਏ।

ਇਹ ਸਭ ਚੜ੍ਹਦੇ ਦਿਨ ਧਰਨਾ ਚੁਕਾਉਣ ਲਈ ਤਤਕਾਲੀਨ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਦਿੱਤੇ ਹੁਕਮਾਂ ਅਨੁਸਾਰ ਵਾਪਰਿਆ। ਹਾਲਾਂਕਿ, ਪਿਛਲੇ ਦਿਨੀਂ ਇਸੇ ਇਲਾਕੇ ਵਿੱਚ ਡੇਰਾ ਪ੍ਰੇਮੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਇਸ ਤੋਂ ਵੀ ਵੱਡੇ ਤੇ ਹਿੰਸਕ ਧਰਨੇ ਲੱਗਦੇ ਰਹੇ ਸਨ ਪਰ ਪੁਲਿਸ ਨੇ ਕਦੇ ਇੰਨੀ ਅਰਾਜਕਤਾ ਨਹੀਂ ਦਿਖਾਈ ਸੀ। ਪੁਲਿਸ ਦਾ ਇਹ ਹਮਲਾ ਇੰਨਾ ਯੋਜਨਾਬੱਧ ਸੀ ਕਿ ਪੁਲਿਸ ਕਾਰਵਾਈ ਤੋਂ ਕੁੱਝ ਘੰਟੇ ਪਹਿਲਾਂ ਇਲਾਕੇ ਦੇ ਡਾਕਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਲਈ ਤਿਆਰ ਰਹਿਣ ਲਈ ਸੁਚੇਤ ਕੀਤਾ ਗਿਆ ਸੀ’।