ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਕੂ (KOO) ਹੁਣ ਬੰਦ ਹੋ ਗਿਆ ਹੈ। ਕੂ ਦੇ ਸੰਸਥਾਪਕ ਅਪਰਮੇਅ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਾਵਤਕਾ ਨੇ ਇਸ ਫੈਸਲੇ ਦਾ ਐਲਾਨ ਕੀਤਾ। ਇਸ ਐਪ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ (ਹੁਣ ਐਕਸ) ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਸੀ।
ਸੰਸਥਾਪਕਾਂ ਨੇ ਕਿਹਾ ਕਿ ਇਹ ਫੈਸਲਾ ਸਾਂਝੇਦਾਰੀ ਦੀ ਅਸਫਲਤਾ, ਅਣਪਛਾਤੇ ਪੂੰਜੀ ਬਾਜ਼ਾਰ ਅਤੇ ਉੱਚ ਤਕਨਾਲੋਜੀ ਲਾਗਤਾਂ ਕਾਰਨ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਅਪ੍ਰੈਲ 2023 ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ।
ਸੰਸਥਾਪਕਾਂ ਨੇ ਕੰਪਨੀ ਦੀਆਂ ਕੁਝ ਜਾਇਦਾਦਾਂ ਨੂੰ ਵੇਚਣ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ “ਸਾਨੂੰ ਇਹਨਾਂ ਵਿੱਚੋਂ ਕੁਝ ਸੰਪਤੀਆਂ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ, ਜਿਸ ਕੋਲ ਭਾਰਤ ਵਿੱਚ ਸੋਸ਼ਲ ਮੀਡੀਆ ਖੇਤਰ ਵਿੱਚ ਦਾਖ਼ਲ ਹੋਣ ਦਾ ਵੱਡਾ ਵਿਜ਼ਨ ਹੈ।”
ਸੰਸਥਾਪਕਾਂ ਨੇ ਅੱਗੇ ਕਿਹਾ ਕਿ X/Twitter ਨਾਲੋਂ ਬਹੁਤ ਘੱਟ ਸਮੇਂ ਵਿੱਚ ਆਲਮੀ ਪੱਧਰ ’ਤੇ ਇੱਕ ‘ਸਕੇਲੇਬਲ’ ਉਤਪਾਦ ਬਣਾਇਆ ਹੈ, ਜਿਸ ਵਿੱਚ ਬਿਹਤਰ ਪ੍ਰਣਾਲੀ ਤੇ ਐਲਗੋਰਿਦਮ ਹੈ। ਸਾਡੀ ਟੀਮ ਹਰ ਔਖੀ ਘੜੀ ਵਿੱਚ ਸਾਡੇ ਨਾਲ ਖੜੀ ਹੈ। ਅਸੀਂ ਅਜਿਹੇ ਭਾਵੁਕ ਲੋਕਾਂ ਨਾਲ ਕੰਮ ਕਰਨ ਲਈ ਬਹੁਤ ਭਾਗਸ਼ਾਲੀ ਹਾਂ ਜੋ ਸਾਡੀ ਕੰਪਨੀ ਦੇ ਉਦੇਸ਼ ਵਿੱਚ ਵਿਸ਼ਵਾਸ ਰੱਖਦੇ ਹਨ।