ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕਰਨ ਵਾਲੇ ਸਰਬਜੀਤ ਸਿੰਘ ਖ਼ਾਲਸਾ ਅੱਜ 1984 ਘੱਲੂਘਾਰੇ ਦੀ 40ਵੀਂ ਵਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਬਾਅਦ ਵਿਚ ਮੀਡੀਆ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹੁਣ ਉਹ ਸੰਸਦ ਵਿਚ ਬੇਅਦਬੀਆਂ ਨੇ ਮੁੱਦੇ ਚੁੱਕਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰ ਵਿਚ ਸੱਤਾ ਦੀ ਲੜਾਈ ਦੌਰਾਨ ਕਿਸ ਨੂੰ ਸਮਰਥਨ ਦੇਣਗੇ।
ਸਰਬਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਸਿੱਖ ਕੌਮ ਨੂੰ ਇੱਕ ਅਪੀਲ ਵੀ ਹੈ ਕਿ ਜਿੰਨੇ ਵੀ ਨੌਜਵਾਨ ਸਿੱਖ ਜਾਂ ਹੋਰ ਨੌਜਵਾਨ ਆਪਣੇ ਕੇਸ ਕਤਲ ਕਰਵਾਉਂਦੇ ਹਨ, ਉਹ ਅਜਿਹਾ ਨਾ ਕਰਨ, ਸਗੋਂ ਦੁਮਾਲੇ-ਦਸਤਾਰਾਂ ਸਜਾ ਕੇ ਗੁਰੂ ਦੇ ਲੜ ਲੱਗਣ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਕੋਈ ਯੋਗ ਲੀਡਰ ਨਹੀਂ ਮਿਲਿਆ ਸੀ, ਜਿਸ ਨੂੰ ਉਹ ਵੋਟਾਂ ਪਾਉਣ, ਪਰ ਹੁਣ ਸਾਨੂੰ ਅਗਵਾਈ ਦਾ ਮੌਕਾ ਦਿੱਤਾ ਹੈ, ਅਸੀਂ ਇਥੇ ਗੁਰੂ ਸਾਹਿਬ ਦਾ ਸ਼ੁਕਰ ਕਰਨ ਆਏ ਹਾਂ ਅਤੇ ਸੇਵਾ ਲਈ ਆਸ਼ੀਰਵਾਦ ਲੈਣ ਆਏ ਹਾਂ।
ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਪਹਿਲੀ ਪਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਖਿਲਾਫ਼ ਕਾਨੂੰਨ ਬਣਵਾਉਣ ਨੂੰ ਲੈ ਕੇ ਹੋਵੇਗੀ ਤਾਂ ਕਿ ਬੇਅਦਬੀ ਕਰਨ ਵਾਲੇ ‘ਤੇ 302 ਦਾ ਪਰਚਾ ਦਰਜ ਕਰਵਾ ਸਕੀਏ। ਇਸ ਤੋਂ ਇਲਾਵਾ ਨਸ਼ੇ ਅਤੇ ਬੰਦੀ ਸਿੰਘਾਂ ਦੇ ਮਸਲੇ ਵੀ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ 20-20 ਸਾਲ ਦੀ ਅਪਣੀ ਸਜ਼ਾ ਕੱਟ ਚੁੱਕੇ ਹਨ ਤੇ ਅੱਜ ਵੀ ਜੇਲ੍ਹਾਂ ਵਿਚ ਹਨ, ਉਹਨਾਂ ਨੇ ਦੁੱਗਣੀਆਂ ਸਜ਼ਾਵਾਂ ਕੱਟ ਲਈਆਂ ਹਨ, ਹੁਣ ਤਾਂ ਉਹਨਾਂ ਦੀ ਰਿਹਾਈ ਬਣਦੀ ਹੈ ਪਰ ਉਹਨਾਂ ਨਾਲ ਧੱਕਾ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਬਹੁਤ ਜਣਿਆਂ ਨੇ ਪਹੁੰਚ ਕੀਤੀ ਹੈ, ਪਰ ਉਨ੍ਹਾਂ ਨੂੰ ਜਿਹੜੇ ਲੋਕਾਂ ਨੇ ਜਤਾਇਆ ਹੈ, ਉਹ ਪਹਿਲਾਂ ਉਹਨਾਂ ਦੀ ਸਲਾਹ ਲੈਣਗੇ। ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਆਫ਼ਰਾਂ ਹਨ ਤੇ ਉਹ ਮੈਨੂੰ ਬਹੁਤ ਕੁੱਝ ਦੇ ਰਹੇ ਹਨ, ਪਰ ਮੈਂ ਪਹਿਲਾਂ ਵੀ ਕਈ ਆਫ਼ਰਾਂ ਠੁਕਰਾਈਆਂ ਹਨ ਪਰ ਮੈਨੂੰ ਸੰਗਤ ਜਿਵੇਂ ਕਹੇਗੀ, ਉਹ ਉਵੇਂ ਹੀ ਕਰਨਗੇ।