ਚੰਡੀਗੜ੍ਹ : ਅੱਜ ਪੰਜਾਬ ਸੂਬੇ ਦੇ ਬਹੁਤੇ ਥਾਵਾਂ ‘ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਰਿਪੋਰਟ ਮਿਲੀ ਹੈ। ਜੇਕਰ ਆਉਣ ਵਾਲੇ ਦਿਨ ਯਾਨੀ 28 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦਾ ਮੌਸਮ ਸਾਫ ਰਹੇਗਾ। 29 ਜਨਵਰੀ ਨੂੰ ਮੁੜ ਤੋਂ ਗਰਜ ਅਤੇ ਚਮਕ ਨਾਲ ਮੀਂਹ ਪੈਣ ਦੀ ਚੇਤਾਵਨੀ ਹੈ। ਇਸਦੇ ਨਾਲ ਹੀ 30 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਗਰਜ ਅਤੇ ਚਮਕ ਨਾਲ ਮੀਂਹ ਪੈਣ ਦੇ ਅਸਾਰ ਹਨ ਅਤੇ ਕੁੱਝ ਹਿੱਸੇ ਵਿੱਚ ਮੌਸਮ ਸਾਫ ਰਹੇਗਾ। ਇਸ ਤੋਂ ਬਾਅਦ ਮਹੀਨੇ ਦੇ ਆਖ਼ਰੀ ਦਿਨ 31 ਜਨਵਰੀ ਨੂੰ ਕੋਈ ਚਿਤਾਵਨੀ ਨਹੀਂ ਯਾਨੀ ਮੌਸਮ ਬਿਲਕੁਲ ਸਾਫ਼ ਰਹੇਗਾ।
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦਾ ਮੌਸਮ
ਹਿਮਾਚਲ ਪ੍ਰਦੇਸ਼ ਵਿੱਚ 27 ਜਨਵਰੀ ਤੱਕ ਇੱਕ ਜਾਂ ਦੋ ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 28 ਜਨਵਰੀ ਤੋਂ ਰਾਜ ਵਿੱਚ ਤਾਜ਼ਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਸੂਬੇ ‘ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਦੀ ਤੀਬਰਤਾ 29 ਜਨਵਰੀ ਤੋਂ ਵਧੇਗੀ। ਮੱਧ ਅਤੇ ਉੱਚੀਆਂ ਪਹਾੜੀਆਂ ‘ਤੇ 29 ਅਤੇ 30 ਜਨਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਘੱਟ ਉਚਾਈ ਅਤੇ ਮੈਦਾਨੀ ਇਲਾਕਿਆਂ ਲਈ ਬਾਰਿਸ਼ ਅਤੇ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਨ੍ਹਾਂ ਰਾਜਾਂ ਵਿੱਚ ਮੀਂਹ ਦੀ ਚੇਤਾਵਨੀ
ਉੱਤਰੀ ਪੱਛਮੀ ਭਾਰਤ ਦੇ ਰਾਜਾਂ ਵਿੱਚ 28 ਤੋਂ 30 ਜਨਵਰੀ ਤੱਕ ਮੀਂਹ ਦੀਆਂ ਗਤੀਵਿਧੀਆਂ ਵੇਖੀਆਂ ਜਾ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਉੱਤਰੀ ਪੱਛਮੀ ਭਾਰਤ ਦੇ ਰਾਜਾਂ ਵਿੱਚ 28 ਤੋਂ ਬਾਰਸ਼ ਸ਼ੁਰੂ ਹੋ ਜਾਵੇਗੀ। 29 ਜਨਵਰੀ ਨੂੰ ਮੀਂਹ ਦੀਆਂ ਸਰਗਰਮੀਆਂ ਵਧ ਜਾਣਗੀਆਂ। ਮੀਂਹ ਦਾ ਇਹ ਸਿਲਸਿਲਾ 30 ਜਨਵਰੀ ਤੱਕ ਜਾਰੀ ਰਹੇਗਾ। ਅੱਜ ਯਾਨੀ 27 ਜਨਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਇੱਥੇ ਘੱਟੋ-ਘੱਟ ਤਾਪਮਾਨ 9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਦਰਜ ਕੀਤਾ ਜਾ ਸਕਦਾ ਹੈ। 28 ਜਨਵਰੀ ਨੂੰ ਵੀ ਦਿੱਲੀ ਵਿੱਚ ਬੱਦਲਾਂ ਦਾ ਡੇਰੇ ਲੱਗਣਗੇ। 29 ਜਨਵਰੀ ਤੋਂ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਮੌਸਮ ਵਿਭਾਗ ਮੁਤਾਬਕ 28 ਜਨਵਰੀ ਤੱਕ ਉੱਤਰੀ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ 3 ਤੋਂ 5 ਡਿਗਰੀ ਦੀ ਗਿਰਾਵਟ ਸੰਭਵ ਹੈ। ਇਸ ਤੋਂ ਬਾਅਦ ਦੋ ਦਿਨਾਂ ਦੌਰਾਨ ਤਾਪਮਾਨ 3 ਤੋਂ 5 ਡਿਗਰੀ ਤੱਕ ਵਧ ਸਕਦਾ ਹੈ। ਮੱਧ ਪ੍ਰਦੇਸ਼ ‘ਚ 28 ਜਨਵਰੀ ਤੱਕ ਤਾਪਮਾਨ ‘ਚ 2 ਤੋਂ 4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਖੇਤਰਾਂ ਵਿੱਚ 29 ਜਨਵਰੀ ਤੱਕ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ।