ਚੰਡੀਗੜ੍ਹ : ਅੱਜ ਸਵੇਰੇ ਤੋਂ ਹੀ ਪੂਰੇ ਪੰਜਾਬ ਤੋਂ ਮੀਂਹ ਤੇ ਤੇਜ਼ ਹਵਾਵਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਹਾਲਤ ਇਹ ਹੈ ਕਿ ਪਾਰਾ ਦਸ ਫੀਸਦੀ ਤੱਕ ਹੇਠਾ ਡਿੱਗ ਗਿਆ ਹੈ। ਇਸ ਤਰ੍ਹਾਂ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ 29 ਮਈ ਤੱਕ ਸੂਬੇ ਵਿੱਚ ਮੀਂਹ ਦਾ ਮੌਸਮ ਬਣਿਆ ਰਹੇਗਾ। ਚੰਡੀਗੜ੍ਹ ਮੌਸਮ ਕੇਂਦਰ ਨੇ ਅਗਲੇ ਪੰਜ ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਜਿਸ ਮੁਤਾਬਕ 26-27 ਮਈ ਨੂੰ ਸੂਬੇ ਵਿੱਚ ਗਰਜ ਚਮਕ ਨਾਲ ਮੀਂਹ ਪਵੇਗਾ। ਇਸਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਹਵਾਵਾਂ ਵੀ ਚੱਲ਼ਣਗੀਆਂ।
28 ਮਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਪੱਛਮੀ ਮਾਲਵਾ ਵਿੱਚ ਗਰਜ ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਹਵਾਵਾਂ ਵੀ ਚੱਲ਼ਣਗੀਆਂ। ਇਸੇ ਤਰ੍ਹਾਂ 29 ਮਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿੱਚ ਮੀਂਹ, ਗਰਜ ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਹਵਾਵਾਂ ਚੱਲਣ ਬਾਰੇ ਦੱਸਿਆ ਗਿਆ ਹੈ ਜਦਕਿ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਕਿਣ-ਮਿਣ ਹੀ ਰਹੇਗੀ।
ਪਿਛਲੇ ਕੁਝ ਸਾਲਾਂ ਵਿੱਚ ਗਰਮੀ ਨੇ ਕੱਢੇ ਸੀ ਵੱਟ
ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 25 ਤੋਂ 31 ਮਈ ਤੱਕ ਗਰਮੀ ਨੇ ਲੋਕਾਂ ਦੀ ਵੱਟ ਕੱਢੇ ਹੋਏ ਸੀ। 2022 ਵਿੱਚ ਮਈ ਮਹੀਨੇ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ, 2021 ਵਿੱਚ 44 ਡਿਗਰੀ, 2020 ਵਿੱਚ 44 ਡਿਗਰੀ ਅਤੇ 2019 ਵਿੱਚ 45 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਇਸ ਸਾਲ ਅਜਿਹਾ ਨਹੀਂ ਹੈ। 25 ਤੋਂ 31 ਮਈ ਤੱਕ ਵੈਸਟਰਨ ਡਿਸਟਰਬੈਂਸ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਵਿੱਚ ਮਈ ਮਹੀਨੇ ਵਿੱਚ ਔਸਤਨ 2 ਦਿਨ ਮੀਂਹ ਪੈਂਦਾ ਹੈ। ਪਰ ਇਸ ਸਾਲ ਇਹ ਰਿਕਾਰਡ ਵੀ ਟੁੱਟਦਾ ਨਜ਼ਰ ਆ ਰਿਹਾ ਹੈ।
ਜੇਠ ਦੇ ਮਹੀਨੇ ਦੀ ਗਰਮੀ ਸਿਰਫ਼ 9 ਦਿਨ ਹੀ ਰਹੀ
ਪੰਜਾਬ ‘ਚ 15 ਮਈ ਤੋਂ ਜੇਠ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਪਰ ਇਸ ਵਾਰ ਪੱਛਮੀ ਗੜਬੜੀ ਕਾਰਨ ਜੇਠ ਦਾ ਮਹੀਨਾ ਵੀ ਜ਼ਿਆਦਾ ਦੇਰ ਤੱਕ ਅਸਰ ਨਹੀਂ ਦਿਖਾ ਸਕਿਆ। 15 ਤੋਂ 23 ਮਈ ਤੱਕ ਗਰਮੀ ਨੇ ਆਪਣਾ ਜ਼ੋਰ ਦਿਖਾਇਆ। ਇਨ੍ਹਾਂ ਦਿਨਾਂ ਵਿਚ ਹੀ ਤਾਪਮਾਨ 40 ਤੋਂ 46 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਪਰ ਹੁਣ ਵੈਸਟਰਨ ਡਿਸਟਰਬੈਂਸ ਕਾਰਨ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ।
28 ਮਈ ਤੱਕ ਮੌਸਮ ਸੁਹਾਵਣਾ
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ 28 ਮਈ ਤੱਕ ਮੌਸਮ ਸੁਹਾਵਣਾ ਬਣਿਆ ਰਹੇਗਾ। ਕੱਲ੍ਹ ਦਾ ਸਭ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਹੁਸ਼ਿਆਰਪੁਰ ਵਿਖੇ ਰਿਕਾਰਡ ਕੀਤਾ ਗਿਆ ਸੀ, ਅੱਜ ਸਭ ਤੋਂ ਘੱਟ ਤਾਪਮਾਨ ਬੱਲੋਵਾਲ ਸੌਂਖੜੀ ਅਤੇ ਬਲਾਚਰ ਵਿਖੇ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇੱਕ ਤਾਜ਼ਾ ਪੱਛਮੀ ਗੜਬੜ 29 ਮਈ 2023 ਤੋਂ ਉੱਤਰ ਪੱਛਮੀ ਭਾਰਤ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।