‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਬ੍ਰੈਂਡਿੰਗ ‘ਚ ਬਦਲਾਅ ਕਰਦਿਆਂ ਕਾਰਪੋਰੇਟ ਨਾਂ ‘ਮੈਟਾ’ ਰੱਖ ਲਿਆ ਹੈ। ਕੰਪਨੀ ਦ ਕਹਿਣਾ ਹੈ ਕਿ ਇਸ ਨਾਲ ਕੰਪਨੀ ਸੋਸ਼ਲ ਮੀਡੀਆ ਦੇ ਨਾਲ-ਨਾਲ ‘ਵਰਚੂਅਲ ਰਿਅਲਿਟੀ’ ਵਰਗੇ ਖੇਤਰਾਂ ਵਿੱਚ ਵੀ ਆਪਣਾ ਦਾਇਰਾ ਵਧਾਇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਾਟਸਐਪ ਉੱਤੇ ਇਹ ਨਾਂ ਬਦਲੀ ਲਾਗੂ ਨਹੀਂ ਹੋਵੇਗੀ। ਇੱਥੇ ਇਹ ਵੀ ਦੱਸ ਦਈਏ ਕਿ ਕੰਪਨੀ ਨੇ ਇਹ ਫੈਸਲਾ ਉਸ ਵੇਲੇ ਕੀਤਾ ਹੈ ਜਦੋਂ ਕੰਪਨੀ ਦੇ ਇੱਕ ਸਾਬਕਾ ਕਰਮਚਾਰੀ ਫਰਾਂਸਿਸ ਹੁਗਿਨ ਨੇ ਕਈ ਨਕਾਰਾਤਮਕ ਖ਼ਬਰਾਂ ਕੱਢੀਆਂ ਸਨ ਤੇ ਉਸਨੇ ਕੰਪਨੀ ਉਪਰ ਮੁਨਾਫੇ ਨੂੰ ਸੁਰੱਖਿਆ ਤੋਂ ਵੱਧ ਤਰਜੀਹ ਦੇਣ ਦੇ ਦੋਸ਼ ਮੜ੍ਹੇ ਸਨ।

ਉੱਧਰ ਇਸ ਨਾਂ ਬਦਲਾਅ ਉੱਤੇ ਮਾਰਕ ਜ਼ਕਰਬਰਗ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਕੰਪਨੀ ਦਾ ਨਵਾਂ ਨਾਮ ਅਤੇ ਲੋਗੋ ਇਸ ਲਈ ਬਦਲਿਆ ਗਿਆ ਹੈ ਕਿਉਂ ਕਿ ਮੌਜੂਦਾ ਬ੍ਰੈਂਡ ਕੰਪਨੀ ਦੇ ਸਾਰੇ ਵਰਗਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ ਹੈ ਤੇ ਇਸ ਲਈ ਇਹ ਬਦਲ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਬਦਲਾਅ ਉੱਤੇ ਕੰਮ ਕਰ ਰਹੇ ਹਾਂ ਤੇ ਸਾਡੀ ਕੰਪਨੀ ਦੋ ਹਿੱਸਿਆਂ ਵਿੱਚ ਕੰਮ ਕਰੇਗੀ। ਪਹਿਲਾ ਹਿੱਸਾ ਮੌਜੂਦਾ ਐਪਸ ਉੱਪਰ ਕੰਮ ਕਰੇਗਾ ਤੇ ਦੂਜਾ ਭਵਿੱਖ ਦੇ ਪਲੈਟਫਾਰਮਸ ਉੱਤੇ ਆਪਣੀ ਪਕੜ ਬਣਾਇਗਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਫੇਸਬੁੱਕ ਉੱਪਰ ਕੋਰੋਨਾਵਾਇਰਸ ਟੀਕੇ ਬਾਰੇ ਜਾਣਕਾਰੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਅਤੇ ਮੁਨਾਫ਼ੇ ਨੂੰ ਸੁਰੱਖਿਆ ਨਾਲੋਂ ਵੱਧ ਪਹਿਲ ਦੇਣ ਦੇ ਦੋਸ਼ ਲੱਗੇ ਸਨ। ਕੰਪਨੀ ਦੀ ਸਾਬਕਾ ਕਰਮਚਾਰੀ ਫਰਾਂਸਿਸ ਹੁਗਿਨ ਨੇ ਕੰਪਨੀ ਦੇ ਕੁਝ ਅੰਦਰੂਨੀ ਦਸਤਾਵੇਜ਼ ਮੀਡੀਆ ਰਾਹੀਂ ਲੀਕ ਕੀਤੇ ਸਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਇੰਸਟਾਗ੍ਰਾਮ, ਫੇਸਬੁੱਕ ਨੌਜਵਾਨਾਂ ਨੂੰ ਨਕਾਰਾਤਮਕ ਤੌਰ ‘ਤੇ ਵੱਧ ਪ੍ਰਭਾਵਿਤ ਕਰ ਰਹੇ ਹਨ। ਅਮਰੀਕਾ ਤੋਂ ਬਾਹਰ ਕਈ ਦੇਸ਼ਾਂ ਵਿੱਚ ਨਫ਼ਰਤੀ ਭਾਸ਼ਣਾਂ ਨੂੰ ਫੇਸਬੁੱਕ ਤੋਂ ਹਟਾਉਣਾ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ। ਮਾਰਕ ਜ਼ਕਰਬਰਗ ਨੇ ਇਨ੍ਹਾਂ ਦਾਅਵਿਆਂ ਨੂੰ ਕੰਪਨੀ ਬਾਰੇ ਗ਼ਲਤ ਰਾਏ ਬਣਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਸੀ।

ਇਸ ਨਾਂ ਬਦਲੀ ਤੋਂ ਬਾਅਦ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਮੈਟਾਵਰਸ ਇੰਟਰਨੈਟ ਦਾ ਭਵਿੱਖ ਹੈ ਜਦਕਿ ਇਹ ਕਈ ਵਰਚੁਅਲ ਰਿਐਲਿਟੀ ਦਾ ਹੀ ਸੁਧਰਿਆ ਹੋਇਆ ਰੂਪ ਹੈ। ਫਿਲਹਾਲ ਮੈਟਾਵਰਸ ਸਿਰਫ ਇੱਕ ਵਿਚਾਰ ਹੈ ਇਸ ਲਈ ਇਸ ਦੀ ਕੋਈ ਇੱਕ ਸਹਿਮਤ ਪਰਿਭਾਸ਼ਾ ਨਹੀਂ ਕਹੀ ਜਾ ਸਕਦੀ।

ਮੈਟਾਵਰਸ ਵਿੱਚ ਡਿਜੀਟਲ ਵਾਤਾਵਰਣ ਨੂੰ ਜੋੜਨ ਵਾਲੇ ਵਰਚੁਅਲ ਵਰਲਡ ‘ਚ ਦਾਖ਼ਲ ਹੋਣ ਲਈ ਕੰਪਿਊਟਰ ਦੀ ਜਗ੍ਹਾ ਕੇਵਲ ਇਕ ਹੈੱਡਸੈੱਟ ਦੀ ਵਰਤੋਂ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਫਿਲਹਾਲ ਵਰਚੂਅਲ ਰਿਅਲਿਟੀ ਦੀ ਜ਼ਿਆਦਾਤਰ ਵਰਤੋਂ ਗੇਮਿੰਗ ਵਾਸਤੇ ਕੀਤੀ ਜਾਂਦੀ ਹੈ ਤੇ ਇਸ ਦੀ ਵਰਤੋਂ ਕੰਮਕਾਰ, ਸੰਗੀਤ, ਖੇਡਣ, ਬਾਹਰ ਘੁੰਮਣ ਲਈ ਸਿਨੇਮਾ ਲਈ ਵੀ ਹੋ ਸਕਦੀ ਹੈ।
ਕੁੱਝ ਤਕਨੀਕੀ ਮਾਹਿਰ ਇਹ ਵੀ ਮੰਨਦੇ ਹਨ ਕਿ ਨਾਂ ਬਦਲੀ ਕੰਪਨੀ ਲਈ ਮੁਸ਼ਕਿਲ ਹੋ ਸਕਦੀ ਹੈ। 2015 ਵਿੱਚ ਗੂਗਲ ਨੇ ਵੀ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਐਲਫਾਬੈਟ’ ਕੀਤਾ ਸੀ ਪਰ ਲੋਕ ਗੂਗਲ ਨਾਲ ਹੀ ਇਸਨੂੰ ਪਛਾਣਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਦਾ ਨਾਮ ਅਜਿਹੀ ਤਕਨੀਕ ‘ਤੇ ਰੱਖਣਾ ਥੋੜ੍ਹਾ ਅਜੀਬ ਹੈ ਕਿਉਂਕਿ ਕੰਪਨੀ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਰ ਮਸ਼ਹੂਰੀਆਂ ਰਾਹੀਂ ਆਉਂਦਾ ਹੈ।

ਨਾਮ ਬਦਲਣ ਤੋਂ ਸਾਫ਼ ਹੈ ਕਿ ਕੰਪਨੀ ਅਤੇ ਮਾਰਕ ਜ਼ਕਰਬਰਗ ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਉਪਰ ਨਿਰਭਰ ਨਹੀਂ ਹੋਣਾ ਚਾਹੁੰਦੇ। ਕੰਪਨੀ ਆਨਲਾਈਨ ਵਰਲਡ ਅਤੇ ਵਰਚੁਅਲ ਰਿਐਲਿਟੀ ਵੱਲ ਕਦਮ ਵਧਾਉਣਾ ਚਾਹੁੰਦੀ ਹੈ। ਲਗਾਤਾਰ ਸੋਸ਼ਲ ਮੀਡੀਆ ਬਾਰੇ ਨਕਾਰਾਤਮਕ ਵਿਚਾਰ ਕੰਪਨੀ ਦਾ ਨੁਕਸਾਨ ਕਰ ਸਕਦੇ ਹਨ ਅਤੇ ਇਸੇ ਲਈ ਇਹ ਵੱਖਰੇ ਖੇਤਰਾਂ ਬਾਰੇ ਸੋਚ ਰਹੀ ਹੈ।