Punjab

25000 ਹਜਾਰ ਲਵਾਰਿਸ ਲਾਸ਼ਾਂ ਦਾ ਵਾਰਿਸ ਨਾ ਖੁਦ ਮਿਲਿਆ ਨਾ ਲਾਸ਼, ਪੁਲਿਸ ਨੇ ਚੁੱਕਿਆ ਸੀ ਘਰੋਂ, ਜਾਣੋ ਹੈਰਾਨਕੁਨ ਰਿਪੋਰਟ ..

ਚੰਡੀਗੜ੍ਹ: ਤਰਨ ਤਾਰਨ ਦੇ ਪਿੰਡ ਖਾਲੜਾ ਵਿੱਚ 1952 ਵਿੱਚ ਜਨਮੇ ਜਸਵੰਤ ਸਿੰਘ ਖਾਲੜਾ (Human Rights defender Jaswant Singh Khalra) ਨੇ 1984 ਦੀ ਸਿੱਖ ਨਸਲਕੁਸ਼ੀ, 1984 ਦਾ ਆਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਆਪਣੇ ਅੱਖੀਂ ਦੇਖਿਆ ਸੀ। 1995 ਵਿੱਚ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਬਿਨਾਂ ਕਿਸੇ ਕਸੂਰ ਦੇ ਇਨ੍ਹਾਂ ਦੇ ਘਰੋਂ ਜਬਰੀ ਚੁੱਕ ਲਿਆ ਸੀ। ਤਿੰਨ ਸਾਲ ਕੋਈ ਉੱਘ-ਸੁੱਘ ਨਾ ਮਿਲਣ ਤੋਂ ਬਾਅਦ 1998 ਵਿੱਚ ਜਸਵੰਤ ਸਿੰਘ ਖਾਲੜਾ ਨੂੰ ਸਰਕਾਰ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਦਰਅਸਲ, ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਮਾਰੇ ਗਏ ਪੰਜਾਬੀਆਂ (ਜਿਨ੍ਹਾਂ ਵਿੱਚ ਨੌਜਵਾਨਾਂ ਦੇ ਨਾਲ ਬਜ਼ੁਰਗ ਮਾਤਾਵਾਂ ਵੀ ਸ਼ਾਮਲ ਸਨ) ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ। ਇਹ ਵੇਰਵਾ ਸਿਰਫ ਅੰਮ੍ਰਿਤਸਰ, ਪੱਟੀ ਤੇ ਤਰਨ ਤਾਰਨ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ। ਸਿਵਿਆਂ ਵਿੱਚ ਇੱਕ ਰਜਿਸਟਰ ਹੁੰਦਾ ਹੈ ਜਿਸ ਵਿੱਚ ਲਾਸ਼ ਦਾ ਨਾਂ, ਉਸ ਦੇ ਪਿੰਡ ਦਾ ਨਾਂ, ਪਿਤਾ ਦਾ ਨਾਂ, ਉਮਰ, ਅੰਮ੍ਰਿਤਧਾਰੀ ਜਾਂ ਮੋਨਾ ਆਦਿ ਸਭ ਵੇਰਵਾ ਦਰਜ ਹੁੰਦਾ ਹੈ।

ਭਾਈ ਜਸਵੰਤ ਸਿੰਘ ਖਾਲੜਾ

ਉਕਤ 6017 ਲਾਸ਼ਾਂ ਦੇ ਕਾਲਮ ਨਾਲ ਹੋਰ ਜਾਣਕਾਰੀ ਵਿੱਚ ਕਿਸ ਪੁਲਿਸ ਵਾਲੇ ਨੇ ਮੁਕਾਬਲਾ ਬਣਾ ਕੇ ਮਾਰਿਆ ਤੇ ਕਿਹੜਾ ਪੁਲਿਸ ਮੁਲਾਜ਼ਮ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਇਹ ਵੀ ਦਰਜ ਕੀਤਾ ਹੋਇਆ ਹੋਇਆ ਸੀ। ਉਕਤ ਸਾਰੀਆਂ ਲਾਸ਼ਾਂ ਨੂੰ ਅਣਪਛਾਤੀਆਂ ਦਰਸਾ ਕੇ ਸਿਵਿਆਂ ਵਿੱਚ ਸਸਕਾਰਿਆ ਗਿਆ ਸੀ। ਜਸਵੰਤ ਸਿੰਘ ਖਾਲੜਾ ਨੇ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤੇ, ਪਰ ਅਦਾਲਤ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ (ਖਾਲੜਾ ਵੱਲੋਂ ਤਿਆਰ ਕੀਤੀ ਸੂਚੀ ਨੈੱਟ ‘ਤੇ ਉਪਲਬਧ ਹੈ)।

ਉਸ ਵਕਤ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਬੇਅੰਤ ਸਿੰਘ ਮੁੱਖ ਮੰਤਰੀ ਸਨ। ਦੇਸ਼ ‘ਚੋਂ ਇਨਸਾਫ ਨਾ ਮਿਲਦਾ ਦੇਖ ਖਾਲੜਾ ਨੇ ਸਾਰਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਵਿੱਚ ਜਮ੍ਹਾਂ ਕਰਵਾ ਦਿੱਤਾ। ਕੈਨੇਡਾ ਦੇ ਸਿੱਖਾਂ ਸਾਹਮਣੇ ਵੀ ਇਸ ਵੇਰਵੇ ਦਾ ਖੁਲਾਸਾ ਕਰ ਦਿੱਤਾ। ਸਾਲ 1995 ਵਿੱਚ ਖਾਲੜਾ ਦੀ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਇਸ ਵੇਰਵੇ ਸਬੰਧੀ ਬਹਿਸ ਵੀ ਹੋਈ। ਖਾਲੜਾ ਨੇ ਪੁੱਛਿਆ ਇੰਨੇ ਨੌਜਵਾਨ ਪੁਲਿਸ ਨੇ ਕਿਸ ਆਧਾਰ ‘ਤੇ ਅਤੇ ਕਿਉਂ ਖਤਮ ਕੀਤੇ ਗਏ।

ਭਾਈ ਜਸਵੰਤ ਸਿੰਘ ਖਾਲੜਾ

ਕੇਪੀਐਸ ਗਿੱਲ ਦਾ ਵਿਅੰਗਮਈ ਜਵਾਬ ਸੀ ਇਹ ਸਾਰੇ ਮੁੰਡੇ ਯੂਰਪ, ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਦਿਹਾੜੀਆਂ ਕਰਨ ਗਏ ਹਨ (ਇਹ ਜਸਵੰਤ ਸਿੰਘ ਖਾਲੜਾ ਨੇ ਕੈਨੇਡਾ ਵਿੱਚ ਆਪਣੀ ਤਕਰੀਰ ਦੌਰਾਨ ਦੱਸਿਆ ਸੀ)। ਗਿੱਲ ਦਾ ਇਹ ਜਵਾਬ ਇਨਸਾਫ ਨਾਲ ਮਜ਼ਾਕ ਸੀ। ਉਸ ਮੁਲਾਕਾਤ ਤੋਂ ਬਾਅਦ ਪੁਲਿਸ ਲਗਾਤਾਰ ਜਸਵੰਤ ਸਿੰਘ ਖਾਲੜਾ ਨੂੰ ਘਰ ਆ ਕੇ ਲਾਵਾਰਸ ਲਾਸ਼ਾਂ ਵਾਲਾ ਮੁੱਦਾ ਬੰਦ ਕਰਨ ਲਈ ਧਮਕਾਉਣ ਲੱਗੀ।

ਭਾਈ ਜਸਵੰਤ ਸਿੰਘ ਖਾਲੜਾ

ਖਾਲੜਾ ਮਨੁੱਖੀ ਅਧਿਕਾਰਾਂ ਲਈ ਡਟਿਆ ਰਿਹਾ। ਕੇਪੀਐਸ ਗਿੱਲ ਨੇ ਅੰਮ੍ਰਿਤਸਰ ਵਿੱਚ ਵੀ ਪ੍ਰੈੱਸ ਕਾਨਫਰੰਸ ਕਰਕੇ ਬਿਆਨ ਦਿੱਤਾ ਸੀ, ”ਮਨੁੱਖੀ ਅਧਿਕਾਰ ਜਥੇਬੰਦੀਆਂ ਵਾਲੇ ਪੰਜਾਬ ਦਾ ਮਾਹੌਲ ਮੁੜ ਤੋਂ ਖਰਾਬ ਕਰਨ ਲਈ ਸਾਜਿਸ਼ਾਂ ਕਰ ਰਹੇ ਹਨ। ਇਹ ਹਜ਼ਾਰਾਂ ਲਾਪਤਾ ਨੌਜਵਾਨਾਂ ਬਾਰੇ ਮੈਨੂੰ ਪੁੱਛਦੇ ਹਨ। ਮੈਂ ਅੱਜ ਦੱਸਦਾ ਹਾਂ ਕਿ ਉਹ ਸਾਰੇ ਨੌਜਵਾਨਾਂ ਯੂਰਪ, ਕੈਨੇਡਾ ਤੇ ਅਮਰੀਕਾ ਵਿੱਚ ਦਿਹਾੜੀਆਂ ਕਰਨ ਚਲੇ ਗਏ ਹਨ।” ਆਖਰਕਾਰ 6 ਸਤੰਬਰ 1995 ਨੂੰ ਆਪਣੇ ਘਰ ਵਿੱਚ ਕਾਰ ਧੋ ਰਹੇ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਦੇ ਸਾਹਮਣੇ ਪੁਲਿਸ ਅਗਵਾ ਕਰਕੇ ਲੈ ਗਈ। ਤਿੰਨ ਸਾਲ ਤੱਕ ਲਗਾਤਾਰ ਪੁਲਿਸ ਖਾਲੜਾ ਦੇ ਆਪਣੇ ਕੋਲ ਨਾ ਹੋਣ ਤੋਂ ਇਨਕਾਰ ਕਰਦੀ ਰਹੀ।

1998 ਵਿੱਚ ਐਸਪੀਓ ਕੁਲਦੀਪ ਸਿੰਘ ਬਚੜਾ (ਪਿੰਡ ਬਚੜਾ) ਨੇ ਖੁਲਾਸਾ ਕੀਤਾ ਕਿ ਜਸਵੰਤ ਸਿੰਘ ਖਾਲੜਾ ਨੂੰ ਮੇਰੇ ਸਾਹਮਣੇ ਕਤਲ ਕਰਕੇ ਲਾਸ਼ ਹਰੀਕੇ ਪੱਤਣ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ। ਉਸ ਤੋਂ ਬਾਅਦ ਸਰਦਾਰ ਵੱਲੋਂ ਖਾਲੜਾ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਪਰਮਜੀਤ ਕੌਰ, ਪੁੱਤਰ ਜਨਮੀਤ ਸਿੰਘ ਤੇ ਧੀ ਨਵਕਿਰਨ ਕੌਰ ਮੁਤਾਬਕ ਉਨ੍ਹਾਂ ਦੇ ਪਤੀ ਤੇ ਪਿਤਾ ਦੀ ਮੌਤ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਨਾ ਹੀ ਹਜ਼ਾਰਾਂ ਲਾਵਾਰਸ ਲਾਸ਼ਾਂ ਦੀ ਕੋਈ ਜਾਂਚ ਜਾਂ ਪੈਰਵਾਈ ਸਹੀ ਤਰੀਕੇ ਨਾਲ ਹੋਈ।

ਮਈ 2017 ਵਿੱਚ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਵਿਵਾਦਾਂ ਨਾਲ ਸਾਰੀ ਉਮਰ ਵਾਹ ਰਿਹਾ। ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਰਤਾਰੇ ‘ਤੇ ਝਾਤ ਮਾਰ ਲਈਏ ਤਾਂ ਬਹੁ-ਗਿਣਤੀ ਕੇਪੀਐਸ ਗਿੱਲ (ਕੰਵਰਪਾਲ ਸਿੰਘ ਗਿੱਲ) ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਜੋਂ ਯਾਦ ਕਰ ਰਹੇ ਹਨ।

ਕੇਪੀਐਸ ਗਿੱਲ 1988 ਤੋਂ 1990 ਤੱਕ ਤੇ ਫਿਰ 1991 ਤੋਂ 1995 ਸੇਵਾ ਮੁਕਤ ਹੋਣ ਤੱਕ ਦੋ ਵਾਰ ਪੰਜਾਬ ਦੇ ਡੀਜੀਪੀ ਰਹੇ। ਉਸ ਦੌਰ ਨੂੰ ਪੰਜਾਬ ਦੇ ਕਾਲੇ ਦੌਰ ਵਜੋਂ ਜਾਣਿਆ ਜਾਂਦਾ ਹੈ। ਉਸ ਦੌਰ ਦੌਰਾਨ ਹੀ ਗਿੱਲ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲੱਗਦੇ ਰਹੇ।