ED ਵੱਲੋਂ ਸਿਆਸਤਦਾਨਾਂ ਦੇ ਘਰਾਂ ਉੱਤੇ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਕੈਸ਼ ਮਿਲ ਰਹੇ ਨੇ
‘ਦ ਖ਼ਾਲਸ ਬਿਊਰੋ :- ED ਰੇਡ ਦੌਰਾਨ ਦੇਸ਼ ਵਿੱਚ ਤਿੰਨ ਸੂਬਿਆਂ ਵਿੱਚ ਸਿਆਸਤਦਾਨਾਂ ਤੋਂ ਕਰੋੜਾਂ ਦਾ ਕੈਸ਼ ਅਤੇ ਸੋਨਾ ਮਿਲਿਆ ਹੈ। ਇਸ ਵਿੱਚ ਸਭ ਤੋਂ ਅੱਗੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੀ ਨਜ਼ਦੀਕੀ ਸਾਥੀ ਅਰਪਿਤਾ ਮੁਖਰਜੀ ਹੈ, ਜਿੰਨਾਂ ਦੇ 2 ਘਰਾਂ ਤੋਂ 50 ਕਰੋੜ ਤੋਂ ਵੀ ਵੱਧ ਕੈਸ਼ ਅਤੇ ਕਈ ਕਿਲੋ ਸੋਨਾ ਬਰਾਮਦ ਹੋਇਆ। ਇਸ ਤੋਂ ਇਲਾਵਾ ਝਾਰਖੰਡ ਵਿੱਚ ਕਾਂਗਰਸ ਦੇ ਵਿਧਾਇਕਾਂ ਦੇ ਘਰ ਵਿੱਚ ਛਾਪੇਮਾਰੀ ਦੌਰਾਨ ਕੈਸ਼ ਮਿਲਿਆ। ਸ਼ਿਵ ਸੈਨਾ ਆਗੂ ਸੰਜੇ ਰਾਊਤ ਦੇ ਘਰ ਤੋਂ ਵੀ ED ਨੂੰ 11 ਲੱਖ ਕੈਸ਼ ਮਿਲੇ ਨੇ। ਇਸ ਦੌਰਾਨ ਤੁਹਾਡੇ ਮਨ ਵਿੱਚ ਇੱਕ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਆਖਿਰ ਕਿੰਨਾ ਕੈਸ਼ ਅਤੇ ਸੋਨਾ ਘਰ ਵਿੱਚ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ। ਇਸ ਦਾ ਜਵਾਬ ਤੁਹਾਨੂੰ ਅਸੀਂ ਸਿਲਸਿਲੇਵਾਰ ਦਿੰਦੇ ਹਾਂ।
ਇਸ ਹਿਸਾਬ ਨਾਲ ਕੈਸ਼ ਘਰ ‘ਚ ਰੱਖ ਸਕਦੇ ਹਾਂ
ਕੋਈ ਆਮ ਸ਼ਖ਼ਸ ਜਿੰਨਾ ਚਾਹੰਦਾ ਹੈ, ਆਪਣੇ ਘਰ ਵਿੱਚ ਪੈਸਾ ਰੱਖ ਸਕਦਾ ਹੈ ਪਰ ਉਸ ਕੋਲ ਪੈਸੇ ਦੇ ਸੋਰਸ ਦਾ ਹਿਸਾਬ ਪੱਕਾ ਹੋਣਾ ਚਾਹੀਦਾ ਹੈ ਜਿਵੇਂ ਕਿਸੇ ਦੇ ਘਰ ED ਦੀ ਰੇਡ ਦੌਰਾਨ 5 ਕਰੋੜ ਰੁਪਏ ਮਿਲ ਦੇ ਨੇ, ਅਜਿਹੇ ਵਿੱਚ ਉਸ ਸਖ਼ਸ ਨੂੰ ਆਮਦਨ ਨਾਲ ਜੁੜੇ ਸਰੋਤ ਦੇ ਸਬੂਤ ਦੇਣੇ ਹੋਣਗੇ। ਜੇਕਰ ਘਰ ਤੋਂ ਜ਼ਬਤ ਪੈਸੇ ਦਾ ਹਿਸਾਬ ਨਹੀਂ ਹੈ ਤਾਂ ਤੁਹਾਨੂੰ 137 ਫੀਸਦੀ ਦਾ ਜੁਰਮਾਨਾ ਭਰਨਾ ਹੋਵੇਗਾ। ਇਸ ਤੋਂ ਇਲਾਵਾ ਨਵੇਂ CBDT ਨਿਯਮ ਮੁਤਾਬਿਕ ਜਿਸ ਸ਼ਖ਼ਸ ਦੇ ਘਰ ਰੇਡ ਪਈ ਹੈ ਉਹ ਅਗਲੇ 1 ਸਾਲ ਤੱਕ 20 ਲੱਖ ਤੋਂ ਵਧ ਲੈਣ-ਦੇਣ ਨਹੀਂ ਕਰ ਸਕਦਾ ਹੈ।
ਸੋਨੇ ‘ਤੇ ਇਹ ਨਿਯਮ ਲਾਗੂ ਹੁੰਦਾ ਹੈ
ਕੈਸ਼ ਵਾਂਗ ਤੁਸੀਂ ਸੋਨਾ ਵੀ ਜਿੰਨਾ ਚਾਹੁੰਦੇ ਹੋ, ਘਰ ਰੱਖ ਸਕਦੇ ਹੋ ਪਰ ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਘਰ ਵਿੱਚ ਰੱਖੇ ਸੋਨੇ ਦਾ ਪੱਕਾ ਹਿਸਾਬ ਤੁਹਾਡੇ ਕੋਲ ਹੋਵੇ ਯਾਨਿ ਸੋਨੇ ਦੀ ਖਰੀਦ ਨਾਲ ਜੁੜੀ ਰਸੀਦਾਂ ਹੋਣ। ਜੇਕਰ ਪਰਿਵਾਰ ਤੋਂ ਸੋਨਾ ਮਿਲਿਆ ਹੈ ਤਾਂ ਉਸ ਨਾਲ ਜੁੜੇ ਕੋਈ ਕਾਗਜ਼ ਹੋਣ। ਸੋਨਾ ਤੁਹਾਨੂੰ ਕਿਸੇ ਨੇ ਗਿਫਟ ਕੀਤਾ ਹੈ ਤਾਂ ਗਿਫਟ ਡੀਡ ਵਿਖਾਉਣੀ ਹੋਵੇਗੀ। 1968 ਵਿੱਚ ਘਰ ਵਿੱਚ ਸੋਨੇ ਦੀ ਤੈਅ ਮਾਤਰਾ ਰੱਖਣ ਦਾ ਕਾਨੂੰਨ ਬਣਿਆ ਸੀ ਪਰ 32 ਸਾਲ ਬਾਅਦ 1990 ਵਿੱਚ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
ਘਰ ਵਿੱਚ ਬਿਨਾਂ ਕਾਗਜ਼ ਦੇ ਕਿੰਨਾਂ ਸੋਨਾ ਰੱਖਿਆ ਜਾ ਸਕਦਾ ਹੈ
ਭਾਰਤ ਵਿੱਚ ਵਿਆਹ ਅਤੇ ਤਿਉਹਾਰਾਂ ‘ਤੇ ਸੋਨੇ ਦੀ ਖਰੀਦ ਹੁੰਦੀ ਅਤੇ ਵਰਤੋਂ ਵੀ। ਅਜਿਹੇ ਵਿੱਚ ਜੇਕਰ ਤੁਹਾਡੇ ਕੋਲ ਇੱਕ ਤੈਅ ਮਾਤਰਾ ਵਿੱਚ ਬਿਨਾਂ ਕਾਗਜ਼ ਸੋਨਾ ਹੈ ਤਾਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਜਿਵੇਂ ਜਿਸ ਮਹਿਲਾ ਦਾ ਵਿਆਹ ਹੋਇਆ ਹੈ ਉਹ ਆਪਣੇ ਕੋਲ 500 ਗਰਾਮ ਸੋਨਾ ਰੱਖ ਸਕਦੀ ਹੈ ਜਦਕਿ ਜਿਸ ਕੁੜੀ ਦਾ ਵਿਆਹ ਨਹੀਂ ਹੋਇਆ ਉਹ ਆਪਣੇ ਕੋਲ 250 ਗਰਾਮ ਸੋਨਾ ਰੱਖ ਸਕਦੀ ਹੈ। ਇਸੇ ਤਰ੍ਹਾਂ ਪੁਰਸ਼ ਆਪਣੇ ਕੋਲ 100 ਗਰਾਮ ਤੱਕ ਸੋਨਾ ਰੱਖ ਸਕਦਾ ਹੈ।
ਗੈਰ ਕਾਨੂੰਨੀ ਕੈਸ਼ ਅਤੇ ਸੋਨਾ ਮਿਲਣ ‘ਤੇ ਇਹ ਕਰਵਾਈ
ਜੇਕਰ ED ਜਾਂ ਫਿਰ Income tax raid ਦੌਰਾਨ ਘਰ ਵਿੱਚ ਗੈਰ ਕਾਨੂੰਨੀ ਕੈਸ਼ ਅਤੇ ਸੋਨਾ ਮਿਲ ਦਾ ਹੈ ਤਾਂ ਏਜੰਸੀਆਂ ਕੋਲ ਵੱਖ-ਵੱਖ ਕਾਨੂੰਨਾਂ ਦੇ ਅਧੀਨ ਜ਼ਬਤ ਕਰਨ ਦਾ ਅਧਿਕਾਰ ਹੈ। ED ਮਨੀ ਲਾਂਡਰਿੰਗ ਐਕਟ ਅਧੀਨ ਇਸ ਨੂੰ ਜ਼ਬਤ ਕਰ ਸਕਦੀ ਹੈ।
ਜ਼ਬਤ ਸੋਨੇ ਦਾ ਵਿਭਾਗ ਕੀ ਕਰੇਗਾ ?
ਜ਼ਬਤ ਕੈਸ਼ ਅਤੇ ਸੋਨੇ ਦਾ ਪੰਚਨਾਮਾ ਬਣਾਇਆ ਜਾਵੇਗਾ, ਜਿਸ ਵਿੱਚ ਜ਼ਿਕਰ ਹੋਵੇਗਾ ਕਿ ਕਿੰਨਾਂ ਕੈਸ਼ ਅਤੇ ਸੋਨਾ ਬਰਾਮਦ ਹੋਇਆ ਹੈ। ਕਿਹੜੇ-ਕਿਹੜੇ ਨੋਟਾਂ ਦੀਆਂ ਕਿੰਨੀਆਂ ਗਡੀਆਂ ਨੇ। ਜੇਕਰ ਕਿਸੇ ਨੋਟ ਜਾਂ ਲਿਫਾਫੇ ਤੋਂ ਮਿਲੇ ਪੈਸੇ ‘ਤੇ ਕੁਝ ਲਿਖਿਆ ਹੋਇਆ ਹੈ ਤਾਂ ਉਸ ਨੂੰ ਏਜੰਸੀਆਂ ਵੱਖ ਕਰ ਲੈਣਗੀਆਂ। ਅਦਾਲਤ ਵਿੱਚ ਇਸ ਨੂੰ ਸਬੂਤ ਦੇ ਤੌਰ ‘ਤੇ ਪੇਸ਼ ਕੀਤਾ ਜਾਵੇਗਾ।