Punjab

ਧੌਣ ‘ਚ ਚਾਕੂ ਵੜਿਆ ! ਆਪ ਬਾਈਕ ਚਲਾ ਕੇ ਹਸਪਤਾਲ ਪਹੁੰਚਿਆ !

ਬਿਊਰੋ ਰਿਪੋਰਟ : ਇੱਕ ਸ਼ਖ਼ਸ ਨੇ ਦਲੇਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਸ਼ਖ਼ਸ ਦੀ ਧੌਣ ਵਿੱਚ ਚਾਕੂ ਖੁੱਭਿਆ ਸੀ ਪਰ ਇਸ ਦੇ ਬਾਵਜੂਦ ਉਹ 1 ਕਿਲੋਮੀਟਰ ਆਪ ਬਾਈਕ ਚਲਾ ਕੇ ਹਸਪਤਾਲ ਪਹੁੰਚਿਆ, ਜਿਸ ਦੀ ਵਜ੍ਹਾ ਕਰ ਕੇ ਉਸ ਨੂੰ ਨਵੀਂ ਜ਼ਿੰਦਗੀ ਹਾਸਲ ਹੋਈ ਹੈ। ਡਾਕਟਰਾਂ ਦੇ ਲਈ ਨੌਜਵਾਨ ਨੂੰ ਬਚਾਉਣ ਬਹੁਤ ਚੁਨੌਤੀ ਸੀ, ਕਿਉਂਕਿ ਖ਼ੂਨ ਕਾਫ਼ੀ ਨਿਕਲ ਚੁੱਕਾ ਸੀ, ਪਰ 4 ਘੰਟੇ ਦੇ ਲੰਮੇ ਅਪਰੇਸ਼ਨ ਤੋਂ ਬਾਅਦ ਨੌਜਵਾਨ ਦੀ ਜ਼ਿੰਦਗੀ ਬਚ ਸਕੀ।

ਇਹ ਘਟਨਾ ਨਵੀਂ ਮੁੰਬਈ ਦੀ ਹੈ, ਜਿੱਥੇ ਇੱਕ ਬਿਜ਼ਨਸਮੈਨ ਨੂੰ ਉਸ ਦੇ ਆਪਣੇ ਹੀ ਛੋਟੇ ਭਰਾ ਨੇ ਚਾਕੂ ਧੌਣ ਵਿੱਚ ਮਾਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਭਰਾ ਆਪ ਫ਼ਰਾਰ ਹੋ ਗਿਆ, ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਵੱਡੇ ਭਰਾ ਨੇ ਕਿਹਾ ਉਸ ਨੂੰ ਨਹੀਂ ਪਤਾ ਕਿ ਹਮਲਾ ਕਿਉਂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਤੇਜਸ ਦੀ ਧੌਣ ‘ਤੇ ਹਮਲਾ ਛੋਟੇ ਭਰਾ ਮੋਨਿਸ਼ ਨੇ ਉਸ ਵੇਲੇ ਕੀਤਾ ਜਦੋਂ ਉਹ ਘਰ ਵਿੱਚ ਸੁੱਤਾ ਹੋਇਆ ਸੀ ।

ਚਾਕੂ ਦਾ 60 ਫ਼ੀਸਦੀ ਹਿੱਸਾ ਧੌਣ ਵਿੱਚ ਸੀ

ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਤੇਜਸ ਦੀ ਧੌਣ ਵਿੱਚ ਚਾਕੂ ਦਾ 60 ਫ਼ੀਸਦੀ ਹਿੱਸਾ ਵੜ ਗਿਆ ਸੀ । ਇਸ ਦੀ ਵਜ੍ਹਾ ਕਰ ਕੇ ਕਾਫ਼ੀ ਖ਼ੂਨ ਨਿਕਲ ਗਿਆ ਸੀ, ਇਸ ਦੇ ਇਲਾਵਾ ਉਸ ਦੇ ਸਿਰ ਅਤੇ ਚਿਹਰੇ ‘ਤੇ ਵੀ ਸੱਟਾਂ ਲੱਗੀਆਂ ਸਨ। ਡਾਕਟਰ ਸੁਰਾਨਾ ਨੇ ਦੱਸਿਆ ਕਿ ਧੌਣ ਵਿੱਚ ਵੜੇ ਚਾਕੂ ਦੀ ਵਜ੍ਹਾ ਕਰ ਕੇ 8×1.5 ਸੈਂਟੀਮੀਟਰ ਗਹਿਰਾ ਜ਼ਖ਼ਮ ਹੋ ਗਿਆ ਸੀ। ਸਾਨੂੰ ਚਾਕੂ ਕੱਢਣ ਦੇ ਲਈ ਬਹੁਤ ਹੀ ਸਾਵਧਾਨੀ ਨਾਲ ਸਰਜਰੀ ਕਰਨੀ ਪਈ, ਕਿਉਂਕਿ ਥੋੜ੍ਹੀ ਲਾਪਰਵਾਹੀ ਹਾਲੇ ਦੁਆਲੇ ਦੀਆਂ ਨੱਸਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਸਨ। ਚਾਕੂ ਧੌਣ ਵਿੱਚ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ, 4 ਘੰਟੇ ਤੱਕ ਚੱਲੀ ਸਰਜਰੀ ਦੇ ਬਾਅਦ ਅਸੀਂ ਉਸ ਨੂੰ ਬਚਾਇਆ ।

ਤੇਜਸ ਨੇ ਦੱਸਿਆ ਉਸ ਦਾ ਭਰਾ ਸ਼ਰਾਬੀ ਹੈ

ਤੇਜਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਪਾਣੀ ਦੇ ਟੈਂਕਰ ਦਾ ਬਿਜ਼ਨੈੱਸ ਕਰਦਾ ਹੈ, ਪਰ ਉਸ ਦਾ ਭਰਾ ਸ਼ਰਾਬੀ ਹੈ। ਇਸ ਲਈ ਉਹ ਕੰਮ ‘ਤੇ ਧਿਆਨ ਨਹੀਂ ਦਿੰਦਾ ਹੈ,ਹਾਲਾਂਕਿ ਤੇਜਸ ਨੂੰ ਇਹ ਵੀ ਨਹੀਂ ਪਤਾ ਕਿ ਮੋਨਿਸ਼ ਨੇ ਉਸ ‘ਤੇ ਹਮਲਾ ਕਿਉਂ ਕੀਤਾ। ਵਾਰਦਾਤ ਤੋਂ ਬਾਅਦ ਮੋਨਿਸ਼ ਫ਼ਰਾਰ ਹੈ, ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ।