The Khalas Tv Blog India KMP ਜਾਮ – ਕਿਸਾਨਾਂ ਦਾ ਜੋਸ਼, ਪੁਲਿਸ ਦਾ ਬਲ, 24 ਘੰਟਿਆਂ ਲਈ ਮੈਦਾਨ ‘ਚ ਡਟੇ ਕਿਸਾਨ
India Punjab

KMP ਜਾਮ – ਕਿਸਾਨਾਂ ਦਾ ਜੋਸ਼, ਪੁਲਿਸ ਦਾ ਬਲ, 24 ਘੰਟਿਆਂ ਲਈ ਮੈਦਾਨ ‘ਚ ਡਟੇ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਕਿਸਾਨਾਂ ਵੱਲੋਂ KMP ਰੋਡ ਜਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ ਅਤੇ ਸ਼ਾਹਜਹਾਂਪੁਰ ਬਾਰਡਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਐੱਕਸਪ੍ਰੈਸ ਵੇਅ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਐਕਸਪ੍ਰੈਸ ਵੇਅ ਦੇ ਦੋਹਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਕਿਸਾਨ ਅੱਜ ਸਵੇਰੇ ਅੱਠ ਵਜੇ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ। ਇਸ ਮੌਕੇ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨ, ਕਿਸਾਨਾਂ ਦੇ ਸੱਦੇ ਉੱਤੇ ਧਰਨੇ ਵਾਲੀ ਥਾਂ ਉੱਤੇ ਜਾ ਡਟੇ ਹੋਏ ਹਨ।

ਕਿਸਾਨਾਂ ਦੇ ਇਸ ਐਕਸ਼ਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਜਵਾਨਾਂ ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤਾ ਹੈ। ਚੱਕਾ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇਗਾ, ਇਸ ਵਿੱਚ ਕਿਸਾਨ ਵਰਕਰ ਮਦਦ ਵੀ ਕਰਨਗੇ। ਵਿਆਹ ਵਾਲੀਆਂ ਗੱਡੀਆਂ ਨੂੰ ਬਿਲਕੁਲ ਨਹੀਂ ਰੋਕਿਆ ਜਾਵੇਗਾ। ਦੁੱਧ ਅਤੇ ਸਬਜ਼ੀ ਸਮੇਤ ਹੋਰ ਜ਼ਰੂਰੀ ਵਸਤਾਂ ਵਾਲੇ ਵਾਹਨਾਂ ਨੂੰ ਆਵਾਜਾਈ ਦੀ ਛੋਟ ਹੈ।

ਕੁੰਡਲੀ ਟੋਲ ‘ਤੇ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਟੋਲ ‘ਤੇ ਟੈਂਟ ਲਗਾ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਦੇ ਬਹਾਦਰਗੜ੍ਹ ਟੋਲ ਕੇਐੱਮਪੀ ‘ਤੇ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੈ। ਕਿਸਾਨਾਂ ਵੱਲੋਂ ਹੱਥਾਂ ਵਿੱਚ ਕਿਸਾਨੀ ਝੰਡੇ ਫੜ੍ਹ ਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।

ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੀ ਤਹਿਸੀਲ ਨੂਹ ਦੇ ਪਿੰਡ ਰੇਵਾਸਨ ਵਿੱਚ ਕੇਐੱਮਪੀ ਐੱਕਸਪ੍ਰੈੱਸਵੇਅ ਨੂੰ ਜਾਮ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।

Exit mobile version