Punjab

ਕਿਸਾਨ ਯੂਨੀਅਨ ਨੇ ਬੰਦ ਪਏ ਸਕੂਲਾਂ ਦੇ ਜੰਦਰੇ ਖੁੱਲ੍ਹਵਾਏ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੀਆਂ ਕਰੋਨਾ ਸਬੰਧੀ  ਹਦਾਇਤਾਂ ਦੇ ਮੱਦੇਨਜ਼ਰ ਖੋਖਰ ਕਲਾਂ ਦੇ  ਬੰਦ ਪਏ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ  ਸੈਕੰਡਰੀ ਸਕੂਲ ਨੂੰ ਬੱਚਿਆਂ ਦੇ ਮਾਪਿਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਰਲ ਕੇ ਮੁੜ ਖੁਲਵਾ ਦਿੱਤਾ ਗਿਆ ਹੈ। ਯੂਨੀਅਨ ਨੇ ਇਹ ਕਾਰਵਾਈ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਦੀ ਅਪੀਲ ‘ਤੇ ਕੀਤੀ ਹੈ।  

ਕਿਸਾਨ ਨੇਤਾ ਅਤੇ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ‘ਤੇ ਬਲਾਕ ਆਗੂ ਬਿੰਦਰ ਖੋਖਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਦੋਂ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਹੋ ਰਹੀਆਂ ਹਨ ਅਤੇ ਠੇਕਿਆਂ ਮੂਹਰੇ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਤਾਂ ਸਕੂਲ ਬੰਦ ਰੱਖਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਕਿਸਾਨ ਆਗੂਆਂ ਨੇ ਕਿਹਾ ਕਿ ਮਾਪਿਆਂ ਦੀ ਅਪੀਲ ਨੂੰ ਮੰਨ ਕੇ  ਪਹਿਲਾਂ ਪਿੰਡ ਵਿੱਚ ਝੰਡਾ ਕੱਢਿਆ ਗਿਆ। ਮਾਰਚ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਬੰਦ ਕਰਕੇ ਆਨਲਾਈਨ ਸਿੱਖਿਆ ਨੂੰ ਤਰਜੀਹੀ ਬਣਾਇਆ ਜਾ ਰਿਹਾ ਹੈ। ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨਾ ਨਵੀਂ ਸਿੱਖਿਆ ਨੀਤੀ ਦੇ ਖ਼ਾਕੇ ਦਾ ਇੱਕ ਹਿੱਸਾ ਹੈ। ਇਸ ਦਾ ਸਿੱਧਾ ਸਬੰਧ ਸਿੱਖਿਆ ਖੇਤਰ ਦੇ ਨਿੱਜੀਕਰਨ ਨਾਲ ਜੁੜਿਆ ਹੋਇਆ ਹੈ। ਨਿੱਜੀਕਰਨ ਦਾ ਰਾਹ ਜਨਤਕ ਖੇਤਰ ਦੀਆਂ ਸੇਵਾਵਾਂ ਨੂੰ ਆਮ ਜਨਤਾ ਦੇ ਹੱਥੋਂ ਖੋਹ ਕੇ ਉਨ੍ਹਾਂ ਨੂੰ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਦੇ ਰਹਿਮੋ-ਕਰਮ ‘ਤੇ ਨਿਰਭਰ ਰਹਿਣ ਵੱਲ ਨੂੰ ਜਾਂਦਾ ਹੈ ਜਿਸ ਨਾਲ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਤੋਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਹੱਕ ਖੋਹਣ ਵੱਲ ਨੂੰ ਇਸ਼ਾਰਾ ਕਰਦਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਚਿੰਤਤ ਮਾਪਿਆਂ, ਅਧਿਆਪਕਾਂ, ਵਿਦਵਾਨਾਂ ਤੇ ਚਿੰਤਕਾਂ ਨੇ ਵੀ ਸਕੂਲ ਖੋਲ੍ਹੇ ਜਾਣ ਦੀ ਗੱਲ ਦੀ ਪ੍ਰੋੜਤਾ ਕੀਤੀ ਹੈ। ਸਾਡੀਆਂ ਸਰਕਾਰਾਂ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਹੁਣ ਜਦੋਂ ਕਰੋਨਾ ਦੇ ਨਾਲ ਨੂੰ ਕੁੱਲ ਜੀਵਨ ਆਪਣੀ ਨਿਰੰਤਰ ਤੋਰੇ ਤੁਰ ਰਿਹਾ ਹੈ ਤਾਂ ਕੋਵਿਡ ਨਿਯਮਾਂ ਦੇ ਅੰਗ-ਸੰਗ ਵਿਚਰਦਿਆਂ ਵਿਦਿਆਰਥੀਆਂ ਤੇ ਸਮਾਜ ਦੇ ਭਲੇ ਲਈ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ।