‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨ ਸੰਸਦ ਦੇ 12ਵੇਂ ਕਿਸਾਨ ਲੀਡਰਾਂ ਨੇ ਕਿਹਾ ਕਿ 9 ਅਗਸਤ ਦਾ ਦਿਨ ਬਹੁਤ ਅਹਿਮ ਹੈ ਤੇ ਇਸ ਦਿਨ ਮਹਿਲਾ ਕਿਸਾਨ ਸੰਸਦ ਲਗਾਈ ਜਾਵੇਗੀ। ਇਸ ਤਰੀਕ ਨੂੰ ਭਾਰਤ ਛੱਡੋ ਦਿਵਸ ਵੀ ਹੈ ਅਤੇ ਕਿਸਾਨ ਅੰਦੋਲਨ ਦਾ ਮੁੱਖ ਨਾਅਰਾ “ਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ” ਹੈ।ਮਹਿਲਾ ਕਿਸਾਨ ਸੰਸਦ ਭਾਰਤ ਵਿੱਚ ਔਰਤ ਕਿਸਾਨਾਂ ਦੇ ਮੁੱਦਿਆਂ ‘ਤੇ ਵੀ ਵਿਚਾਰ ਕਰੇਗੀ। 9 ਅਗਸਤ ਸਵਦੇਸ਼ੀ ਲੋਕਾਂ ਦਾ ਅੰਤਰਰਾਸ਼ਟਰੀ ਦਿਵਸ ਵੀ ਹੈ। ਕਬਾਇਲੀ ਕਿਸਾਨ ਭਾਰਤ ਦੇ ਕਿਸਾਨਾਂ ਦਾ ਇੱਕ ਮਹੱਤਵਪੂਰਨ ਸਮੂਹ ਹਨ ਅਤੇ ਕਿਸਾਨ ਅੰਦੋਲਨ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਨ ਦੇ ਨਾਲ-ਨਾਲ ਜੰਗਲ਼ੀ ਜਿਣਸਾਂ ਲਈ ਵੀ ਗਾਰੰਟੀਸ਼ੁਦਾ ਐਮਐਸਪੀ ਨੂੰ ਸੁਰੱਖਿਅਤ ਕਰਨ ਦੀ ਮੰਗ ਕਰਦਾ ਹੈ।
ਸਾਂਝੇ ਪ੍ਰੈੱਸ ਬਿਆਨ ਵਿਚ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਭਾਰਤ ਦੀ ਸਰਕਾਰੀ ਸੰਸਦ ਤੋਂ ਇਕੱਠੇ ਹੋਕੇ ਆਏ ਅਤੇ ਕਿਸਾਨ ਸੰਸਦ ਦਾ ਦੌਰਾ ਕੀਤਾ।ਉਹਨਾਂ ਕਿਸਾਨ ਸੰਸਦ ਦੀ ਕਾਰਵਾਈ ਨੂੰ ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਦਰਸ਼ਕ ਗੈਲਰੀ ਵਿੱਚੋ ਦੀ ਵੇਖਿਆ ਅਤੇ ਸੁਣਿਆ।
ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਵਿਰੋਧ ਕਰ ਰਹੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਪੂਰਨ ਸਮਰਥਨ ਕਰ ਰਹੇ ਹਨ। ਹੁਣ ਤੱਕ ਵੱਖ -ਵੱਖ ਪਾਰਟੀਆਂ ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ, ਡੀਐਮਕੇ, ਆਰਜੇਡੀ, ਸੀਪੀਆਈ (ਐਮ), ਸੀਪੀਆਈ, ਸ਼ਿਵ ਸੈਨਾ, ਆਰਐਸਪੀ, ਟੀਐਮਸੀ, ਆਈਯੂਐਮਐਲ ਆਦਿ ਦੇ ਸੰਸਦ ਮੈਂਬਰ ਕਿਸਾਨ ਸੰਸਦ ਦਾ ਦੌਰਾ ਕਰ ਚੁੱਕੇ ਹਨ । ਕਿਸਾਨ ਸੰਸਦ ਦੇ ਸਪੀਕਰ ਨੇ ਭਾਰਤ ਦੀ ਸੰਸਦ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੱਥੇ ਚੁਣੇ ਹੋਏ ਸੰਸਦ ਮੈਂਬਰ ਕਿਸਾਨ ਸੰਸਦ ਦਾ ਦੌਰਾ ਕਰ ਰਹੇ ਹਨ, ਇਸ ਤਰ੍ਹਾਂ ਦੀ ਦੂਹਰੀ ਭੂਮਿਕਾ ਨਿਭਾਉਣੀ ਸਾਡੇ ਲੋਕਤੰਤਰ ਲਈ ਚੰਗਾ ਕਦਮ ਹੈ ।
ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਕਿਸਾਨ ਵੱਖ -ਵੱਖ ਮੋਰਚਿਆਂ ‘ਤੇ ਪਹੁੰਚ ਰਹੇ ਹਨ।ਕੱਲ੍ਹ ਸਿੰਘੂ ਬਾਰਡਰ ਤੇ ਸ਼ਾਮਲ ਹੋਏ ਤਾਮਿਲਨਾਡੂ ਦੇ 1000 ਪ੍ਰਦਰਸ਼ਨਕਾਰੀਆਂ ਤੋਂ ਇਲਾਵਾ, ਹਰਿਆਣਾ ਦੇ ਕੈਥਲ ਤੋਂ 1500 ਤੋਂ ਵੀ ਵੱਧ ਵਾਹਨਾਂ ਦੇ ਕਾਫਲੇ ਨਾਲ ਕਿਸਾਨਾਂ ਦੀ ਇੱਕ ਵੱਡੀ ਟੁਕੜੀ ਬੀਕੇਯੂ ਚੜੂਨੀ ਦੀ ਅਗਵਾਈ ਹੇਠਾਂ ਮੋਰਚੇ ਵਿਚ ਸਾਮਲ ਹੋਈ।
ਇਸੇ ਤਰ੍ਹਾਂ ਉਤਰਾਖੰਡ ਦੇ ਕਿਸਾਨਾਂ ਦੀ ਇੱਕ ਟੀਮ ਸੀਤਾਰਗੰਜ ਤੋਂ ਗਾਜ਼ੀਪੁਰ ਸਰਹੱਦ ਤੇ ਪਹੁੰਚੀ ।ਜਿਵੇਂ ਕਿ ਪਹਿਲਾਂ ਹੀ ਐਲਾਨਿਆ ਗਿਆ ਹੈ, 15 ਅਗਸਤ ਨੂੰ ਕਿਸਾਨ ਮਜ਼ਦੂਰ ਆਜਾਦੀ ਸੰਗਰਾਮ ਦਿਵਸ ਵਜੋਂ ਮਨਾਇਆ ਜਾਵੇਗਾ, ਅਤੇ ਐਸਕੇਐਮ ਨੇ ਆਪਣੇ ਸਾਰੇ ਮੈਬਰ ਸੰਗਠਨਾਂ ਨੂੰ ਇਸ ਦਿਨ ਨੂੰ ਤਿਰੰਗੇ ਮਾਰਚ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ । ਉਸ ਦਿਨ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਇੱਕ ਟਰੈਕਟਰ/ਮੋਟਰਸਾਈਕਲ/ਸਾਈਕਲ/ਗੱਡਾ ਮਾਰਚ ਕੱਢ ਕੇ ਬਲਾਕ/ਤਹਿਸੀਲ/ਜ਼ਿਲ੍ਹਾ ਮੁੱਖ ਦਫਤਰ ਜਾਂ ਨਜ਼ਦੀਕੀ ਕਿਸਾਨ ਮੋਰਚੇ ਤੱਕ ਪਹੁੰਚਿਆ ਜਾਵੇਗਾ। ਵਾਹਨਾਂ ਉਪਰ ਰਾਸ਼ਟਰੀ ਝੰਡੇ ਲਗਾਕੇ ਮਾਰਚ ਜਾਵੇਗਾ ।