Punjab

ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਐੱਫਸੀਆਈ ਦੇ ਦਫਤਰਾਂ ਦੇ ਬਾਹਰ ਲਾਏ ਡੇਰੇ

‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪੰਜਾਬ ਵਿੱਚ ਐੱਫਸੀਆਈ ਦੇ ਦਫਤਰਾਂ ਦਾ ਘੇਰਾਓ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਮ੍ਰਿਤਸਰ ਵਿਚ ਵੱਲਾਂ ਐੱਫਸੀਆਈ ਦਾ ਘੇਰਾਓ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਜਮਾਂਬੰਦੀਆਂ ਦੇ ਫੈਸਲੇ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਸਿੱਧੇ ਭੁਗਤਾਨ ਦਾ ਫੈਸਲਾ ਵੀ ਹਾਲੇ ਸਰਕਾਰ ਨੂੰ ਮੁਲਤਵੀ ਕਰਨਾ ਚਾਹੀਦਾ ਹੈ, ਨਹੀਂ ਤਾਂ ਕਿਸਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ।

ਪੰਧੇਰ ਨੇ ਐੱਫਸੀਆਈ ਦੇ ਬਜਟ ਨੂੰ ਵਧਾਉਣ ਦੀ ਮੰਗ ਵੀ ਕੀਤੀ। 

ਮਾਨਸਾ ਵਿੱਚ ਘਿਰਾਓ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਦਫ਼ਤਰਾਂ ਵਿਚ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਖੇਤੀ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ ਗਏ ਹਨ। ਕਿਸਾਨਾਂ ਵੱਲੋਂ ਕਣਕ ਦੀ ਖਰੀਦ ਨਾ ਕਰਨ ਦੇ ਟਾਲੇ ਵਜੋਂ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਘਟਾਉਣ ਵਰਗੀਆਂ ਬੇਲੋੜੀਆਂ ਸ਼ਰਤਾਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸ਼ਾਂਤਾ ਕੁਮਾਰ ਕਮੇਟੀ ਦੀ ਐੱਫਸੀਆਈ ਵਾਲੀ ਰਿਪੋਰਟ ਅਤੇ ਇਸ ਮੁਤਾਬਕ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ ਤੇ ਟਰਾਂਸਪੋਰਟਰਾਂ ਦਾ ਉਜਾੜਾ ਹੋਵੇਗਾ।

ਉੱਧਰ, ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਜਮਹੂਰੀ ਕਿਸਾਨ ਸਭਾ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਨੇੜਲੇ ਪਿੰਡ ਖੋਖਰ ਕਲਾਂ ਦੇ ਐੱਫਸੀਆਈ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਰੋਹ ਪੂਰਨ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਨੇ ਸਿਰਸਾ ’ਚ ਐੱਫਸੀਆਈ ਗੋਦਾਮ ਘੇਰਿਆ ਕਿਸਾਨਾਂ ਨੇ ਅੱਜ ਸਿਰਸਾ ਵਿੱਚ ਕੰਗਣਪੁਰ ਰੋਡ ਸਥਿਤ ਐੱਫਸੀਆਈ ਗੋਦਾਮ ਦੇ ਮੁੱਖ ਗੇਟ ਨੂੰ ਬੰਦ ਕਰਕੇ ਅੱਗੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ’ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਮੋਦੀ ਹਕੂਮਤ ਦੀਆਂ ਕੋਝੀਆਂ ਚਾਲਾਂ ਨੂੰ ਕਿਸੇ ਵੀ ਸੂਰਤ ਵਿੱਚ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਐੱਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਾ ਦਿੰਦੀ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।