‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੰਨੇ ਦਾ ਪ੍ਰਤੀ ਕਵਿੰਟਲ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਲੰਧਰ ਵਿੱਚ ਰੇਲਵੇ ਟਰੈਕ ਉੱਤੇ ਪੱਕਾ ਧਰਨਾ ਲਾਇਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਕਿਸਾਨ ਕਿਸਾਨਾਂ ਨੇ ਰੇਲਵੇ ਟਰੈਕ ਦੇ ਨਾਲ-ਨਾਲ ਨੈਸ਼ਨਲ ਹਾਈਵੇ-1 ਵੀ ਜਾਮ ਕੀਤਾ ਹੈ।
ਹਾਲਾਂਕਿ ਇਸ ਧਰਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਗੰਨੇ ਦੀਆਂ ਤਿੰਨੋਂ ਕਿਸਮਾਂ ਉੱਤੇ 15 ਰੁਪਏ ਦਾ ਵਾਧਾ ਕੀਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਕੋਝਾ ਮਜ਼ਾਕ ਦੱਸਦਿਆਂ ਇਸ ਰਾਸ਼ੀ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।ਕਿਸਾਨ 200 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨ ਦੀ ਮੰਗ ਵੀ ਕਰ ਰਹੇ ਹਨ।ਜਲੰਧਰ ਵਿੱਚ ਧਰਨੇ ਕਾਰਨ ਸ਼ਤਾਬਦੀ ਸਣੇ ਕਈ ਰੇਲਗੱਡੀਆਂ ਦੇ ਰੂਟ ਬਦਲੇ ਗਏ ਹਨ।ਇਸ ਨਾਲ ਆਮ ਜਨਤਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
50 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਤੇ 18 ਦੇ ਰੂਟ ਬਦਲੇ ਗਏ ਹਨ।ਉੱਧਰ ਲੁਧਿਆਣਾ ਵਿਚ ਵੀ 13 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੇ ਹਨ ਪਰ ਅਸੀਂ ਵੀ ਸੋਚਿਆ ਨਹੀਂ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਮੋਰਚਾ ਖੋਲ੍ਹਣਾ ਪਵੇਗਾ।