Khetibadi Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਕਾਰਜ, ਲੰਗਰ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ

ਬਿਊਰੋ ਰਿਪੋਰਟ (28 ਅਗਸਤ, 2025): ਪੰਜਾਬ ਭਰ ਵਿੱਚ ਹੜ੍ਹਾਂ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ, ਰਾਵੀ ਦਰਿਆ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਟ੍ਰੈਕਟਰ ਟਰਾਲੀਆਂ ਸਮੇਤ ਸੈਂਕੜੇ ਵਲੰਟੀਅਰ ਲਗਾਤਾਰ ਤੜਕ ਸਾਰ ਤੋਂ ਦੀ ਰਾਤ ਤੱਕ ਬਚਾਅ ਕਾਰਜਾਂ ਲਈ ਲੱਗੇ ਰਹੇ। ਇਸ ਮੌਕੇ ਜਥੇਬੰਦੀ ਦੀ ਅਗਵਾਈ ਵਿੱਚ ਕੰਮ ਕਰਦੇ ਹੋਏ ਜਥੇਬੰਦੀ ਦੀਆਂ ਟੀਮਾਂ ਵੱਲੋਂ ਰਾਹਤ ਕਾਰਜਾਂ ਵਿੱਚ ਜੁੱਟੇ ਐਨ ਡੀ ਆਰ ਐੱਫ ਦੀਆਂ ਟੀਮਾਂ ਅਤੇ ਹੋਰ ਪ੍ਰਸ਼ਾਸ਼ਨਿਕ ਕਰਮਚਾਰੀਆਂ ਨਾਲ ਹੱਥ ਵਟਾਇਆ।

ਜਥੇਬੰਦੀ ਦੇ ਆਗੂਆਂ ਜਾਣਕਾਰੀ ਦਿੱਤੀ ਕਿ ਵੱਖ ਵੱਖ ਪਿੰਡਾਂ ਤੋਂ ਆਏ ਜਥੇਬੰਦੀ ਦਿਆਂ ਆਗੂਆਂ ਅਤੇ ਵਰਕਰਾਂ ਵੱਲੋਂ ਲੰਗਰ ਅਤੇ ਪੀਣ ਵਾਲੇ ਪਾਣੀ ਦੀ ਲੋੜ ਨੂੰ ਦੇਖਦੇ ਹੋਏ ਵੱਡੀ ਤਾਦਾਦ ਵਿੱਚ ਲੰਗਰ ਪਾਣੀ ਦੀ ਸੇਵਾ ਕੀਤੀ ਗਈ। ਆਗੂਆਂ ਕਿਹਾ ਕਿ ਬੇਸ਼ੱਕ ਪ੍ਰਸ਼ਾਸ਼ਨ ਕੋਸ਼ਿਸ਼ ਕਰ ਰਿਹਾ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਦਾ ਪੱਧਰ ਬਹੁਤ ਨੀਵਾਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਸ਼ਾਸਨ ਕੋਲ ਸਾਜ਼ੋ ਸਾਮਾਨ ਦੀ ਗਿਣਤੀ ਵੀ ਤਸੱਲੀਖ਼ਸ਼ ਨਹੀਂ ਸੀ ਓਥੇ ਜਾਨ ਬਚਾਊ ਬੇੜੇ ਪੈਟ੍ਰੋਲ ਦੀ ਕਮੀਂ ਨਾਲ ਵੀ ਦੋ ਚਾਰ ਹੁੰਦੇ ਦੇਖੇ ਗਏ।

ਆਗੂਆਂ ਕਿਹਾ ਕਿ ਜਿੰਨੇ ਦਿਨ ਹਾਲਾਤ ਠੀਕ ਨਹੀਂ ਹੁੰਦੇ ਓਨੇ ਦਿਨ ਜਥੇਬੰਦੀ ਦੇ ਕਾਰਕੁਨ ਲਗਾਤਾਰ ਇਸ ਮੁਸੀਬਤ ਵਿੱਚ ਲੋਕਾਂ ਦੇ ਨਾਲ ਖੜ੍ਹੀ ਰਹੇਗੀ। ਉਹਨਾਂ ਨੇ ਇਸ ਵੇਲੇ ਹਰ ਆਮ ਅਤੇ ਖਾਸ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਥੇਬੰਦੀ ਵੱਲੋਂ ਰਾਹਤ ਕਾਰਜਾਂ ਵਿੱਚ ਜ਼ੋਰਦਾਰ ਯੋਗਦਾਨ ਪਾਇਆ ਜਾ ਰਿਹਾ ਹੈ।