ਬਿਉਰੋ ਰਿਪੋਰਟ: ਅੱਜ ਪਿੰਡ ਵੱਲ੍ਹਾ ਦੇ ਗੁਰਦੁਆਰਾ ਗੁਰਿਆਣਾ ਸਾਹਿਬ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਦੱਸਿਆ ਕਿ 10 ਨਵੰਬਰ ਤੋਂ ਦਿੱਲੀ ਅੰਦੋਲਨ 2 ਵਿੱਚ ਜਿਲ੍ਹੇ ਅੰਮ੍ਰਿਤਸਰ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਿਸ ਦੀਆਂ ਪਿੰਡ ਅਤੇ ਜੋਨ ਪੱਧਰ ਤੇ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਹਨ।
ਜ਼ਿਲ੍ਹਾ ਖਜਾਨਚੀ ਕੰਧਾਰ ਸਿੰਘ ਭੋਏਵਾਲ, ਸਕੱਤਰ ਸਿੰਘ ਕੋਟਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਦੱਸਿਆ ਕਿ ਔਰਤ ਵਰਗ ਨੂੰ ਜਥੇਬੰਦਕ ਕਰਕੇ ਸੰਘਰਸ਼ ਦੀ ਲਹਿਰ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਕਰਨ ਦੀ ਲੋੜ ਨੂੰ ਮੱਦੇ ਨਜ਼ਰ ਰੱਖਦਿਆਂ ਸੂਬਾ ਪੱਧਰ ’ਤੇ ਔਰਤਾਂ ਦੇ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਅਰੰਭੇ ਕਾਰਜ ਤਹਿਤ ਆਉਂਦੇ ਦਿਨਾਂ ਵਿੱਚ ਪਿੰਡ ਅਤੇ ਜ਼ੋਨ ਪੱਧਰੀ ਟੀਮਾਂ ਤਿਆਰ ਕਰਨ ਅਤੇ ਕਮੇਟੀਆਂ ਚੁਣਨ ਲਈ ਪ੍ਰੋਗਰਾਮ ਤਹਿ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਪੱਧਰੀ ਮੀਟਿੰਗਾਂ ਉਪਰੰਤ ਇਸ ਮਹੀਨੇ ਦੇ ਅਖ਼ੀਰ ਵਿੱਚ ਔਰਤਾਂ ਦੀਆਂ ਵੱਡੀਆਂ ਕਨਵੈਨਸ਼ਨਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ। ਐਮਐਸਪੀ ਗਰੰਟੀ ਕਨੂੰਨ, ਮਨਰੇਗਾ ਤਹਿਤ ਮਜਦੂਰਾਂ ਲਈ 200 ਦਿਨ ਰੁਜ਼ਗਾਰ ਅਤੇ 700 ਦਿਹਾੜੀ ਦੀ ਮੰਗ ਸਮੇਤ 12 ਮੰਗਾਂ ਲਈ ਜਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪ੍ਰਚਾਰ ਪ੍ਰੋਗਰਾਮ ਤਿਆਰ ਕੀਤੇ ਹਨ ਅਤੇ ਪਿੰਡ ਪੱਧਰ ਤੇ ਝੋਨੇ ਦੀ ਉਗਰਾਹੀ ਅਤੇ ਪਿੰਡਾਂ ਵਿੱਚ ਵੱਡੇ ਫੰਡ ਇੱਕਠੇ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।