ਬਿਉਰੀ ਰਿਪੋਰਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਨੇ 24 ਅਤੇ 25 ਜੁਲਾਈ ਦੇ ਲਈ ਮੋਰਚੇ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਕੱਥੂਨੰਗਰ ਵਿੱਚ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਖਿਲਾਫ ਮੂੰਗੀ ਅਤੇ ਮੱਕੀ ਨੂੰ ਲੈਕੇ ਪ੍ਰਦਰਸ਼ਨ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ । ਪੰਧੇਰ ਨੇ ਮੰਗ ਕੀਤੀ ਜਿੰਨਾਂ ਵੀ ਫਸਲਾਂ ਦੀ MSP ਸਰਕਾਰ ਵੱਲੋਂ ਤੈਅ ਕੀਤੀ ਗਈ ਹੈ ਉਸੇ ਦੇ ਅਧਾਰ ‘ਤੇ ਖਰੀਦ ਕੀਤੀ ਜਾਵੇ। ਪਿਛਲੇ ਦਿਨਾਂ ਦੌਰਾਨ SKM ਵੱਲੋਂ ਵੀ ਮੱਕੀ ਅਤੇ ਮੂੰਗ ਦੀ MSP ਨੂੰ ਲੈਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਮੁੱਖ ਮੰਤਰੀ ਮਾਨ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਮੰਗ ਕੀਤੀ ਕਿ ਭਾਰਤ ਮਾਲਾ ਯੋਜਨਾ ਦੇ ਤਹਿਤ ਜਿਹੜੀ ਜ਼ਮੀਨ ਕਿਸਾਨਾਂ ਦੀ ਲਈ ਜਾ ਰਹੀ ਹੈ ਉਸ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ । ਇਸ ਤੋਂ ਇਲਾਵਾ ਪੰਧੇਰ ਨੇ ਕਿਹਾ ਸਰਕਾਰ ਬਿਜਲੀ ਬੋਰਡ ਦਾ ਜਿਹੜਾ ਨਿੱਜੀ ਕਰਨ ਕਰ ਰਹੀ ਹੈ ਉਸ ਨੂੰ ਵੀ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ। ਪੰਧਰੇ ਨੇ ਕਿਹਾ ਪੰਜਾਬ ਵਿੱਚ ਕੇਂਦਰ ਦੇ ਕਹਿਣ ‘ਤੇ ਪੰਜਾਬ ਸਰਕਾਰ ਜਿਹੜੇ ਸਮਾਰਟ ਮੀਟਰ ਲੱਗਾ ਰਹੀ ਹੈ ਉਸ ਦੇ ਖਿਲਾਫ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਦਲਿਤ ਮਹਿਲਾ ਦੇ ਨਾਲ ਪੁਲਿਸ ਵੱਲੋਂ ਕੀਤੇ ਗਏ ਟਾਰਚਰ ਨੂੰ ਲੈਕੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਖਤ ਹੋ ਗਈ ਹੈ । ਉਨ੍ਹਾਂ ਨੇ ਕਿਹਾ ਜੇਕਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਹੋਣ ਤੇਜ਼ ਕੀਤਾ ਜਾਵੇਗਾ।