ਬਿਊਰੋ ਰਿਪੋਰਟ – ਕਿਸਾਨ ਮਜ਼ਦੂਰ ਮੋਰਚਾ ਦੀ ਅੱਜ 13/08/2025 ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ “ਜ਼ਮੀਨ ਬਚਾਓ, ਪਿੰਡ ਬਚਾਓ, ਪੰਜਾਬ ਬਚਾਓ ਮਹਾਰੈਲੀ ” 20 ਅਗਸਤ 2025 ਨੂੰ ਕੁੱਕੜ ਪਿੰਡ, ਜਲੰਧਰ ਵਿੱਚ ਕੀਤੀ ਜਾਵੇਗੀ। ਮੋਰਚੇ ਨੇ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਇਹ ਸੰਘਰਸ਼ ਹੋਰ ਮਜ਼ਬੂਤ ਹੋ ਸਕੇ।
ਕਿਸਾਨ ਆਗੂਆਂ ਨੇ ਮੀਟਿੰਗ ਵਿੱਚ 19 ਮਾਰਚ 2025 ਨੂੰ ਸ਼ੰਭੂ/ਖਨੌਰੀ ਮੋਰਚੇ ’ਤੇ ਕੀਤੀ ਗਈ ਬੁਲਡੋਜ਼ਰ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਸ਼ੰਭੂ ਮੋਰਚੇ ’ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਮੋਰਚਿਆਂ ਵਿੱਚ ਮੌਜੂਦ ਕਿਸਾਨਾਂ ਮਜਦੂਰਾਂ ਨੂੰ 3,77,00,948 ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਬਾਰੇ ਕੇ.ਐੱਮ.ਐੱਮ. ਨੇ ਮੰਗ ਕੀਤੀ ਕਿ ਹਰਜ਼ਾਨੇ ਦੇ ਤੌਰ ’ਤੇ ਰਾਜ ਸਰਕਾਰ ਤੁਰੰਤ ਪ੍ਰਭਾਵ ਨਾਲ ਮੁਆਵਜ਼ਾ ਜਾਰੀ ਕਰੇ।
ਮੋਰਚੇ ਨੇ ਸਪਸ਼ਟ ਕੀਤਾ ਕਿ ਸੰਘਰਸ਼ ਉਸ ਵਕਤ ਤੱਕ ਜਾਰੀ ਰਹੇਗਾ ਜਦ ਤੱਕ ਭਗਵੰਤ ਮਾਨ ਸਰਕਾਰ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾ ਕੇ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਅਤੇ ਕੈਬਨਿਟ ਵੱਲੋਂ ਇਸ ਪਾਲਿਸੀ ਦੀ ਡੀਨੋਟੀਫਿਕੇਸ਼ਨ ਨਹੀਂ ਕੀਤੀ ਕਰਦੀ। ਕੇ.ਐੱਮ.ਐੱਮ. ਆਗੂਆਂ ਨੇ ਇਹ ਵੀ ਦੱਸਿਆ ਕਿ ਮੋਰਚਾ 26 ਅਗਸਤ 2025 ਨੂੰ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨਾਲ ਸਕਾਰਾਤਮਕ ਅਤੇ ਰਚਨਾਤਮਕ ਮੀਟਿੰਗ ਦੀ ਉਮੀਦ ਕਰਦਾ ਹੈ, ਤਾਂ ਜੋ ਸੰਘਰਸ਼ ਨੂੰ ਇਕਜੁੱਟ ਕਰਕੇ ਅੱਗੇ ਵਧਾਇਆ ਜਾ ਸਕੇ।
ਅੰਤਰਰਾਸ਼ਟਰੀ ਵਪਾਰ ਦੇ ਮਾਮਲੇ ‘ਤੇ ਕੇ.ਐੱਮ.ਐੱਮ. ਨੇ ਸਾਫ ਕੀਤਾ ਕਿ ਅਮਰੀਕਾ ਨਾਲ ਹੋਣ ਵਾਲੇ ਕਿਸੇ ਵੀ ਵਪਾਰ ਸਮਝੌਤੇ ਵਿੱਚ ਭਾਰਤੀ ਕਿਸਾਨਾਂ, ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿਤਾਂ ਅਤੇ ਦੇਸ਼ ਦੇ ਹਿਤਾਂ ਦੀ ਰੱਖਿਆ ਕੀਤੀ ਜਾਵੇ ਅਤੇ ਭਾਰਤ ਨੂੰ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ। ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਰਾਜ ਸਰਕਾਰ ਤੁਰੰਤ ਪੰਜਾਬ ਵਿੱਚ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਪ੍ਰੀ-ਪੇਡ ਸਮਾਰਟ ਮੀਟਰ ਲਗਾਉਣ ਦੀ ਜਬਰਦਸਤੀ ਨੀਤੀ ਨੂੰ ਰੋਕੇ।
ਕੇ.ਐੱਮ.ਐੱਮ. ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨ, ਰੋਜ਼ੀ-ਰੋਟੀ ਅਤੇ ਇਜ਼ਤ ਦੀ ਇਸ ਲੜਾਈ ਵਿੱਚ ਇਕਜੁੱਟ ਅਤੇ ਸਾਵਧਾਨ ਰਹਿਣ ਅਤੇ ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ। ਇਸ ਮੌਕੇ ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹੜੀ, ਗੁਰਅਮਨੀਤ ਸਿੰਘ ਮਾਂਗਟ, ਦਲਬਾਗ ਸਿੰਘ ਹਰੀਗੜ੍ਹ, ਸੁਖਵਿੰਦਰ ਸਿੰਘ ਸਭਰਾ, ਮਨਜੀਤ ਸਿੰਘ ਰਾਏ, ਸੁਖਚੈਨ ਸਿੰਘ, ਦਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਜੀਰਾ, ਬਲਕਾਰ ਸਿੰਘ ਬੈਂਸ, ਜੰਗ ਸਿੰਘ ਭਟੇੜੀ, ਹਰਵਿੰਦਰ ਸਿੰਘ ਮਸਾਣੀਆਂ, ਗੁਰਧਿਆਨ ਸਿੰਘ ਭਟੇੜੀ, ਮਨਜੀਤ ਸਿੰਘ ਨਿਆਲ, ਬਲਵੰਤ ਸਿੰਘ ਬਹਿਰਾਮਕੇ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।