ਬਿਊਰੋ ਰਿਪੋਰਟ (4 ਦਸੰਬਰ, 2025): ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਦੇ ਪੰਜਾਬ ਚੈਪਟਰ ਨੇ ਕੱਲ੍ਹ 5 ਦਸੰਬਰ 2025 ਨੂੰ ਪੂਰੇ ਪੰਜਾਬ ਵਿੱਚ ਦੋ ਘੰਟੇ ਲਈ ‘ਰੇਲ ਰੋਕੋ’ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਜਾਰੀ ਰਹੇਗਾ। ਇਸ ਅੰਦੋਲਨ ਦਾ ਮੁੱਖ ਉਦੇਸ਼ ਸਰਕਾਰ ’ਤੇ ਬਿਜਲੀ ਸੋਧ ਬਿੱਲ, 2025 ਨੂੰ ਵਾਪਸ ਲੈਣ ਅਤੇ ਪ੍ਰੀਪੇਡ ਬਿਜਲੀ ਮੀਟਰ ਲਗਾਉਣ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਨ ਲਈ ਦਬਾਅ ਬਣਾਉਣਾ ਹੈ।
ਇਹ ਪ੍ਰਦਰਸ਼ਨ ਸੂਬੇ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਰੇਲਵੇ ਲਾਈਨਾਂ ’ਤੇ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਦੇਵੀਦਾਸਪੁਰਾ (ਅੰਮ੍ਰਿਤਸਰ) ਵਿਖੇ ਇੱਕ ਵੱਡਾ ਇਕੱਠ ਹੋਣ ਦੀ ਉਮੀਦ ਹੈ।
ਮੋਰਚੇ ਦੀਆਂ ਮੁੱਖ ਮੰਗਾਂ
ਮੋਰਚੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਤਿੰਨ ਮੁੱਖ ਮੰਗਾਂ ਸਾਹਮਣੇ ਰੱਖੀਆਂ ਹਨ
- ਬਿਜਲੀ ਸੋਧ ਬਿੱਲ, 2025 ਵਾਪਸ ਲਿਆ ਜਾਵੇ: ਕਿਸਾਨ ਮਜ਼ਦੂਰ ਮੋਰਚਾ ਇਸ ਬਿੱਲ ਦਾ ਸਖ਼ਤ ਵਿਰੋਧ ਕਰ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਦੇ ਲਾਗੂ ਹੋਣ ਨਾਲ ਬਿਜਲੀ ਖੇਤਰ ਦਾ ਨਿੱਜੀਕਰਨ ਹੋ ਜਾਵੇਗਾ, ਜਿਸ ਨਾਲ ਆਮ ਖਪਤਕਾਰਾਂ ਨੂੰ ਬਹੁਤ ਮਹਿੰਗੇ ਬਿੱਲ ਭਰਨੇ ਪੈਣਗੇ ਅਤੇ ਜਨਤਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ।
- ਪ੍ਰੀਪੇਡ ਮੀਟਰਾਂ ‘ਤੇ ਰੋਕ: ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਪ੍ਰੀਪੇਡ/ਸਮਾਰਟ ਮੀਟਰ ਲਗਾਉਣੇ ਬੰਦ ਕਰੇ ਅਤੇ ਇਸ ਦੀ ਬਜਾਏ ਪੁਰਾਣੇ ਮੀਟਰ ਮੁੜ ਲਗਾਏ ਜਾਣ। ਉਨ੍ਹਾਂ ਨੂੰ ਡਰ ਹੈ ਕਿ ਨਵੇਂ ਮੀਟਰਾਂ ਨਾਲ ਬਿਜਲੀ ਦਰਾਂ ਵਿੱਚ ਭਾਰੀ ਵਾਧਾ ਹੋਵੇਗਾ।
- ਜਨਤਕ ਜਾਇਦਾਦਾਂ ਦੀ ਵਿਕਰੀ ਬੰਦ ਕੀਤੀ ਜਾਵੇ: ਮੋਰਚੇ ਨੇ ਪੰਜਾਬ ਦੀਆਂ ਜਨਤਕ ਜਾਇਦਾਦਾਂ ਅਤੇ ਜ਼ਮੀਨਾਂ ਨੂੰ ਵੇਚਣ ਦੇ ਮੁੱਦੇ ‘ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਮੋਰਚੇ ਦੇ ਇੱਕ ਨੁਮਾਇੰਦੇ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੀਆਂ ਜਨਤਕ ਸੰਸਥਾਵਾਂ ਨੂੰ ਬਚਾਉਣ ਲਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਸਿੱਧੀ ਅਪੀਲ ਕੀਤੀ।
ਨੁਮਾਇੰਦੇ ਨੇ ਕਿਹਾ, “ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦਿਓ। ਜੇ ਬਿਜਲੀ ਬੋਰਡ ਪ੍ਰਾਈਵੇਟ ਕਾਰਪੋਰੇਟਾਂ ਨੂੰ ਵੇਚ ਦਿੱਤਾ ਗਿਆ, ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਬਿੱਲ ਇੰਨੇ ਮਹਿੰਗੇ ਹੋ ਜਾਣੇ ਹਨ ਕਿ ਕੋਈ ਤਾਰ ਹੀ ਨਹੀਂ ਸਕੇਗਾ,”
ਉਨ੍ਹਾਂ ਅੱਗੇ ਕਿਹਾ। “ਜੇ ਕੱਲ੍ਹ ਤੁਸੀਂ ਲੱਖਾਂ ਦੀ ਤਾਦਾਦ ਵਿੱਚ ਸਿਰਫ਼ ਦੋ ਘੰਟਿਆਂ ਲਈ ਬਾਹਰ ਆ ਗਏ, ਤਾਂ ਮੋਦੀ ਸਰਕਾਰ ਸ਼ਾਇਦ ਇਸ ਡਰੋਂ ਬਿੱਲ ਨੂੰ ਸੰਸਦ ਦੇ ਇਸ ਸੈਸ਼ਨ ਵਿੱਚ ਰੱਖ ਹੀ ਨਾ ਪਾਵੇ।”
ਮੋਰਚੇ ਨੇ ਮੀਡੀਆ ਕਰਮਚਾਰੀਆਂ, ਖਾਸ ਕਰਕੇ ਅੰਮ੍ਰਿਤਸਰ ਦੀ ਪ੍ਰੈੱਸ ਨੂੰ, ਅਪੀਲ ਕੀਤੀ ਹੈ ਕਿ ਉਹ ਦੁਪਹਿਰ 12:30 ਵਜੇ ਦੇਵੀਦਾਸਪੁਰਾ ਵਿਖੇ ਹੋਣ ਵਾਲੀ ਪ੍ਰੈੱਸ ਕਾਨਫਰੰਸ ਵਿੱਚ ਪਹੁੰਚਣ। ਇਸ ਤੋਂ ਬਾਅਦ 1 ਵਜੇ ਤੋਂ 3 ਵਜੇ ਤੱਕ ‘ਰੇਲ ਰੋਕੋ’ ਅੰਦੋਲਨ ਸ਼ੁਰੂ ਹੋਵੇਗਾ।
ਰੇਲ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੱਲ੍ਹ ਦੁਪਹਿਰ 1 ਵਜੇ ਤੋਂ 3 ਵਜੇ ਦੇ ਵਿਚਕਾਰ ਸੰਭਾਵਿਤ ਦੇਰੀ ਦੇ ਕਾਰਨ ਆਪਣੀ ਯਾਤਰਾ ਦੀ ਯੋਜਨਾ ਉਸ ਅਨੁਸਾਰ ਬਣਾਉਣ।

