The Khalas Tv Blog India ਖਟਕੜ ਕਲਾਂ ਦੀ ਧਰਤੀ ਤੋਂ ਕਿਸਾਨਾਂ, ਕਲਾਕਾਰਾਂ ਤੇ ਧਾਰਮਿਕ ਸ਼ਖਸੀਅਤਾਂ ਦੇ ਵੱਡੇ ਐਲਾਨ, ਲਾਈਵ
India Punjab

ਖਟਕੜ ਕਲਾਂ ਦੀ ਧਰਤੀ ਤੋਂ ਕਿਸਾਨਾਂ, ਕਲਾਕਾਰਾਂ ਤੇ ਧਾਰਮਿਕ ਸ਼ਖਸੀਅਤਾਂ ਦੇ ਵੱਡੇ ਐਲਾਨ, ਲਾਈਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ, ਨਵਾਂਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਸਾਨ ਮਜ਼ਦੂਰ ਏਕਤਾ ਮਹਾਂ ਸਭਾ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਕਿਸਾਨ ਲੀਡਰ, ਧਾਰਮਿਕ ਲੀਡਰ ਅਤੇ ਕਲਾਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ, ਦਲ ਬਾਬਾ ਬਿਧੀ ਚੰਦ ਜੀ ਦੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ, ਸ਼ਹੀਦ ਜਨਰਲ ਸ਼ਬੇਗ ਸਿੰਘ ਦੇ ਭਰਾ ਬੇਅੰਤ ਸਿੰਘ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ, ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ, ਕਿਸਾਨ ਲੀਡਰ ਦਰਸ਼ਨਪਾਲ, ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ, ਹਰਿਆਣਾ ਦੇ ਕਿਸਾਨ ਲੀਡਰ ਅਭੀਮੰਨਿਊ ਕੁਹਾੜ, ਗਾਇਕ ਸਿੱਪੀ ਗਿੱਲ, ਗਾਇਕ ਬੱਬੂ ਮਾਨ, ਗਾਇਕ ਸਰਬਜੀਤ ਚੀਮਾ ਸ਼ਾਮਿਲ ਹੋਏ। ਵੱਡੀ ਗਿਣਤੀ ਵਿੱਚ ਲੋਕ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋ ਰਹੇ ਹਨ।

ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਵੀ ਖਾਸ ਤੌਰ ‘ਤੇ ਸ਼ਮੂਲੀਅਤ ਕੀਤੀ। ਹਰਦੀਪ ਸਿੰਘ ਡਿਬਡਿਬਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਤੋਂ ਉੱਠਿਆ ਅੰਦੋਲਨ ਅੱਜ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਬੇਸ਼ੱਕ 26 ਜਨਵਰੀ ਦੀ ਘਟਨਾ ਤੋਂ ਬਾਅਦ ਮੋਰਚਾ ਥੋੜ੍ਹਾ ਜਿਹਾ ਕਮਜ਼ੋਰ ਹੋ ਚੱਲਿਆ ਸੀ ਪਰ ਕਮਜ਼ੋਰ ਨਹੀਂ ਹੋਇਆ। ਮੋਰਚੇ ਵਿੱਚ ਪਰਤ ਕੇ ਮੈਂ ਸਾਰੇ ਕਿਸਾਨ ਲੀਡਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਅੰਦੋਲਨ ਦੀ ਵੱਡੀ ਸਿਫਤ ਇਹ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਆਪਸ ਵਿੱਚ ਬੈਠ ਕੇ ਸਾਰੀਆਂ ਰਣਨੀਤੀਆਂ ਤੈਅ ਕੀਤੀਆਂ ਹਨ।

25 ਮਾਰਚ ਨੂੰ ਅਸੀਂ ਨਵਰੀਤ ਸਿੰਘ ਨੂੰ ਸਮਰਪਿਤ ਮੋਗਾ ਤੋਂ ਸਵੇਰੇ 10 ਵਜੇ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਮਾਰਚ ਲੈ ਕੇ ਜਾਣਾ ਹੈ। ਇਸ ਮਾਰਚ ਦਾ ਨਾਂ ਹੈ, ਨੌਜਵਾਨ ਕਿਸਾਨ ਮੋਰਚਾ ਇੱਕਜੁੱਟਤਾ ਮਾਰਚ। ਇਹ ਮਾਰਚ ਜਦੋਂ ਸਿੰਘੂ ਬਾਰਡਰ ਪਹੁੰਚਿਆ ਤਾਂ ਅਸੀਂ ਕਿਸਾਨ ਲੀਡਰਾਂ ਨੂੰ ਸੰਦੇਸ਼ ਦੇਣਾ ਹੈ ਕਿ ਸਾਰਾ ਦੇਸ਼ ਤੁਹਾਡੇ ਪਿੱਛੇ ਖੜ੍ਹਾ ਹੈ।  ਤੁਸੀਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਨਹੀਂ ਕਰਨੀ। ਦੂਸਰਾ ਸੁਨੇਹਾ ਅਸੀਂ ਮੋਰਚੇ ਦੇ ਦੁਸ਼ਮਣਾਂ ਨੂੰ ਦੇਣਾ ਹੈ ਜੋ ਸਮਝ ਰਹੇ ਹਨ ਕਿ ਮੋਰਚੇ ਦੇ ਲੀਡਰ ਅਲੱਗ-ਥਲੱਗ ਹੋ ਗਏ ਹਨ। ਡਿਬਡਿਬਾ ਨੇ ਕਿਹਾ ਕਿ ਕੱਲ ਨਵਰੀਤ ਸਿੰਘ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੋਗ ਪੈਣਾ ਹੈ। ’

ਦਲ ਬਾਬਾ ਬਿਧੀ ਚੰਦ ਜੀ ਦੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਮੋਰਚੇ ਵਿੱਚ ਜਿੰਨੇ ਵੀ ਕਿਸਾਨ ਲੀਡਰ ਹਨ, ਉਹ ਏਕਤਾ ਵਿੱਚ ਰਹਿਣ। ਇਸ ਮੋਰਚੇ ਦਾ ਏਜੰਡਾ ਇੱਕ ਹੀ ਹੈ, ਜਿਸ ਵਿੱਚ ਸਾਰੇ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੇ ਹਨ। ਇਸ ਅੰਦੋਲਨ ਵਿੱਚ ਕੋਈ ਵੀ ਗੱਦਾਰੀ ਨਾ ਕਰੇ। ਹਰ ਰੋਜ਼ ਸਾਰੀਆਂ ਸੰਗਤਾ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਅਰਦਾਸ ਕਰਦੀਆਂ ਹਨ।’

ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਅਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕਾਂ ਨੂੰ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਵਾਇਆ। ਹਰਿਆਣਾ ਦੇ ਕਿਸਾਨ ਲੀਡਰ ਅਭੀਮੰਨਿਊ ਕੁਹਾੜ ਨੇ ਕਿਹਾ ਕਿ ‘ਵੱਡੀਆਂ ਲੜਾਈਆਂ ਸਾਧਨਾਂ (Weapons) ਨਾਲ ਨਹੀਂ, ਬਲਕਿ ਸਾਧਨਾ (peaceful protest) ਨਾਲ ਜਿੱਤੀਆਂ ਜਾਂਦੀਆਂ ਹਨ। ਆਪਣੇ ਦੇਸ਼ ਦੇ ਕਿਸਾਨ ਨੂੰ ਅਸੀਂ ਨਹੀਂ ਵਿਕਣ ਦਿਆਂਗੇ।’

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ‘ਸ਼ਹੀਦ ਭਗਤ ਸਿੰਘ ਕਹਿ ਕੇ ਗਏ ਸੀ ਕਿ ਲੜਾਈ ਲੜਨੀ ਅਜੇ ਬਾਕੀ ਹੈ। ਅੱਜ ਜਦੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਾਹਮਣੇ ਆ ਰਹੀਆਂ ਹਨ, ਤਾਂ ਪਤਾ ਲੱਗ ਰਿਹਾ ਹੈ ਕਿ ਸੱਚ ਵਿੱਚ ਅਜੇ ਲੜਾਈ ਲੜਨੀ ਬਾਕੀ ਹੈ। ਖੇਤੀ ਕਾਨੂੰਨ ਸਾਡੇ ‘ਤੇ ਥੋਪੇ ਜਾ ਰਹੇ ਹਨ। ਸਾਡੇ ਦੇਸ਼ ‘ਤੇ ਹਾਲੇ ਵੀ ਉਹੀ ਸ਼ਕਤੀਆਂ ਹੀ ਰਾਜ ਕਰ ਰਹੀਆਂ ਹਨ, ਜਿਨ੍ਹਾਂ ਦੇ ਖਿਲਾਫ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੜਾਈ ਲੜੀ ਸੀ। ’

ਕਿਸਾਨ ਲੀਡਰ ਦਰਸ਼ਨਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ‘26 ਮਾਰਚ ਨੂੰ ਕਿਸਾਨੀ ਅੰਦੋਲਨ ਨੂੰ ਚਾਰ ਮਹੀਨੇ ਪੂਰੇ ਹੋਣ ਵਾਲੇ ਹਨ। ਇਨ੍ਹਾਂ ਚਾਰ ਮਹੀਨਿਆਂ ਵਿੱਚ ਕਰੀਬ 300 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚਾ ਸਾਰੇ ਲੋਕਾਂ ਨੂੰ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੰਪੂਰਨ ਭਾਰਤ ਬੰਦ ਕਰਨ ਦਾ ਸੱਦਾ ਦਿੰਦਾ ਹੈ, ਸਾਰੀ ਸੜਕੀ ਆਵਾਜਾਈ, ਬਾਜ਼ਾਰ ਬੰਦ ਕੀਤੇ ਜਾਣਗੇ। ਕੱਲ੍ਹ ਫਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਮੰਡੀ ਵਿੱਚ ਕਿਸਾਨ ਮਹਾਂ ਪੰਚਾਇਤ ਹੈ, 28 ਅਤੇ 29 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੀ ਕਿਸਾਨ ਮਹਾਂ ਪੰਚਾਇਤ ਕਰਵਾਈ ਜਾ ਰਹੀ ਹੈ। ਪੂਰੇ ਦੇਸ਼ ਵਿੱਚ ਇਸ ਅੰਦੋਲਨ ਦੀ ਲੱਗੀ ਅੱਗ ਦੇ ਸੇਕ ਵਿੱਚ ਮੋਦੀ ਸਰਕਾਰ ਸੜ ਕੇ ਸੁਆਹ ਹੋ ਜਾਵੇਗੀ। ’

ਗਾਇਕ ਬੱਬੂ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ‘ਕਿਸਾਨੀ ਅੰਦੋਲਨ ਤਾਂ ਜਿੱਤਿਆ ਜਤਾਇਆ ਹੈ ਬਸ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਢੀਠ ਹੈ, ਜੋ ਹਾਰ ਨਹੀਂ ਮੰਨਦਾ। ਸੋ, ਅਸੀਂ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਛੇਤੀ-ਛੇਤੀ ਗੁਰੂ ਘਰ ਆਵੇ, ਸੰਗਤ ਵਿੱਚ ਬੈਠੇ, ਲੰਗਰ ਛਕੇ। ਆਪਣਿਆਂ ਨੂੰ ਗਾਲ੍ਹਾਂ ਕੱਢਣੀਆਂ ਛੱਡੀਏ, ਜੇ ਲੜਨਾ ਹੈ ਤਾਂ ਆਪਣਿਆਂ ਲਈ ਲੜਨਾ ਹੈ, ਆਪਸ ਵਿੱਚ ਨਹੀਂ ਲੜਨਾ। ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਇਹ ਸੰਯੁਕਤ ਮੋਰਚਾ ਵੀ ਅਗਲੇ ਧਰਨੇ ਤੱਕ ਇੱਕੋ ਮੋਰਚਾ ਹੋਵੇ, ਜਿਸਦਾ ਨਾਂ ਹੋਵੇਗਾ ਪੰਜਾਬ ਕਿਸਾਨ ਮੋਰਚਾ। ਕਬੱਡੀ ਵਾਲੇ ਨੌਜਵਾਨਾਂ ਨੇ ਇਸ ਕਿਸਾਨੀ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਾਡੇ ਕੋਲ ਸਬਰ ਵੀ ਬਹੁਤ ਹੈ, ਅਸੀਂ ਲੰਮੇ ਸਮੇਂ ਤੱਕ ਲੜ ਸਕਦੇ ਹਾਂ। ਜੋ ਕਿਸਾਨ ਗ੍ਰਿਫਤਾਰ ਹੋਏ ਹਨ, ਉਹ ਜਲਦੀ ਰਿਹਾਅ ਹੋਣ।’

ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ‘ਕਿਸਾਨੀ ਅੰਦੋਲਨ ਸਿਰਫ ਪੰਜਾਬ ਦਾ ਅੰਦੋਲਨ ਨਹੀਂ ਰਿਹਾ ਬਲਕਿ ਇਹ ਹੁਣ ਵਿਸ਼ਵ-ਵਿਆਪੀ ਅੰਦੋਲਨ ਬਣ ਗਿਆ ਹੈ। ਮੈਨੂੰ ਇਸ ਅੰਦੋਲਨ ਦਾ ਫੁਰਨਾ ਸਾਲ 2017 ਦੇ ਅਕਤੂਬਰ ਮਹੀਨੇ ਵਿੱਚ, ਜਦੋਂ ਮੈਨੂੰ ਸਰਕਾਰ ਨੇ ਨਿੱਜੀ ਆਯੋਗ ਦੀ ਮੀਟਿੰਗ ਵਿੱਚ ਸੱਦਿਆ, ਉੱਥੋਂ ਸਰਕਾਰੀ ਬਿਆਨ ਸੁਣ ਕੇ ਆ ਗਿਆ ਸੀ। ਫਰਵਰੀ 2020 ਵਿੱਚ ਇਸ ਅੰਦੋਲਨ ਦਾ ਬਿਗਲ ਵੱਜ ਚੁੱਕਾ ਸੀ, ਜਿਸ ਤੋਂ ਬਾਅਦ ਇਹ ਅੰਦੋਲਨ ਸ਼ੁਰੂ ਹੋ ਗਿਆ। ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਭਾਜਪਾ ਅਜਿਹੀ ਚਲਾਕ ਪਾਰਟੀ ਹੈ ਜੋ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਪਿੱਛੇ ਛੱਡ ਗਈ ਹੈ। ਭਾਜਪਾ ਨੇ ਕਿਸਾਨੀ ਅੰਦੋਲਨ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ 3700 ਬੰਦਿਆਂ ਨੂੰ ਆਪਣੇ ਆਈਟੀ ਸੈੱਲ ਵਿੱਚ ਭਰਤੀ ਕੀਤਾ ਹੋਇਆ ਹੈ।

ਇਹ ਲੋਕ ਕਿਸਾਨੀ ਅੰਦੋਲਨ ਨੂੰ ਗਾਲ੍ਹਾਂ ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਅੱਜ ਬਹਾਨਿਆਂ ਦੇ ਨਾਲ ਗੱਲ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਪਰ ਕਿਸਾਨੀ ਅੰਦੋਲਨ ਦੀ ਲੀਡਰਸ਼ਿਪ ਬਹੁਤ ਮਜ਼ਬੂਤ ਹੈ, ਜੋ ਸਰਕਾਰ ਨੂੰ ਆਪਣੇ ਅੱਗੇ ਟਿਕਣ ਨਹੀਂ ਦਿੰਦੀ। ਇਸ ਅੰਦੋਲਨ ਨੇ ਸਾਰੀ ਦੁਨੀਆ ਵਿੱਚ ਸਾਡੀ ਸ਼ਾਨ ਵਧਾਈ ਹੈ, ਸਾਡੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ। ਪਰ ਫਿਰ ਵੀ ਆਉਣ ਵਾਲਾ ਸਮਾਂ ਬਹੁਤ ਗੰਭੀਰ ਸਮਾਂ ਹੈ। ਅੱਜ ਸਾਰੇ ਦੇਸ਼ ਵਿੱਚ ਕਿਸਾਨੀ ਅੰਦੋਲਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੱਡੇ ਪੱਧਰ ‘ਤੇ ਕਾਨਫਰੰਸਾਂ, ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਨਫਰੰਸਾਂ, ਰੈਲੀਆਂ ਦੇ ਖਿਲਾਫ ਵੀ ਕਿਸਾਨ ਕੋਈ ਕਦਮ ਚੁੱਕ ਸਕਦੀ ਹੈ।

ਸਰਕਾਰ ਦੀਆਂ ਬਹੁਤ ਸਾਰੀਆਂ ਤਾਕਤਾਂ ਕਿਸਾਨੀ ਲੀਡਰਸ਼ਿਪ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦੀਆਂ ਹਨ ਪਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣਗੀਆਂ।’ ਪਿੰਡ ਚੀਮਾਂ ਕਲਾਂ ਦੇ ਪਿੰਡਵਾਸੀਆਂ ਨੇ ਇਸ ਮੌਕੇ ਸ਼ਹੀਦ ਹੋਏ ਪੰਜ ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ।

Exit mobile version