Punjab

ਸੰਗਰੂਰ ਰੈਲੀ:- ‘ਸਰਕਾਰ ਚਾਹੁੰਦੀ ਹੈ ਪੱਗਾਂ ਵਾਲੇ ਪੰਜਾਬ ‘ਚ ਹੀ ਉਲਝ ਜਾਣ’, ਲੱਖੇ ਨੂੰ ਗਲ ਨਾਲ ਲਾਉਣ ਲੱਗੇ ਕਿਸਾਨ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਲ੍ਹੇ ਵਿੱਚ ਅੱਜ ਕਿਸਾਨ ਮਹਾਂ ਸੰਮੇਲਨ ਮਿੱਟੀ ਦੇ ਪੁੱਤ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਵੀ ਸ਼ਾਮਿਲ ਹੋਏ। ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੀ ਸ਼ਾਮਿਲ ਹੋਏ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ।

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਵਿੱਚ ਇੱਕ ਕਿਸਾਨ ਦੇ ਹੋਏ ਕਤਲ ਦਾ ਵਰਣਨ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਇਹ ਕਤਲ ਕਰਵਾਇਆ ਗਿਆ ਹੋਵੇ ਤਾਂ ਜੋ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਸਰਕਾਰ ਇਹ ਅਫਵਾਹ ਫੈਲਾਉਣਾ ਚਾਹੁੰਦੀ ਹੈ ਕਿ ਉੱਥੇ ਤਾਂ ਕਿਸਾਨੀ ਅੰਦੋਲਨ ਵਿੱਚ ਕਤਲ ਹੋ ਰਹੇ ਹਨ। ਮਲੋਟ ਵਿੱਚ ਜੋ ਘਟਨਾ ਵਾਪਰੀ, ਕਿਸਾਨਾਂ ਨੇ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕੀਤੀ। ਹਾਲਾਂਕਿ, ਕੁੱਟਣਾ ਠੀਕ ਨਹੀਂ ਹੈ ਪਰ ਫਿਰ ਵੀ ਕਿਸਾਨਾਂ ‘ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਜੇ ਜੇਲ੍ਹ ਜਾਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਜੇਲ੍ਹ ਜਾਵਾਂਗੇ।

ਸੰਯੁਕਤ ਮੋਰਚੇ ਦੀ ਲੀਡਰਸ਼ਿਪ ਵਿੱਚ ਬਾਹਰਲੇ ਸੂਬਿਆਂ ਦੀ ਲੀਡਰਸ਼ਿਪ ਵੀ ਸ਼ਾਮਿਲ ਹੈ। ਇਸ ਲਈ ਉਨ੍ਹਾਂ ਨੂੰ ਬੁਲਾ ਕੇ ਛੇਤੀ ਹੀ ਮੀਟਿੰਗ ਕੀਤੀ ਜਾਵੇਗੀ। ਤੁਸੀਂ ਇਹ ਨਾ ਸੋਚਿਉ ਕਿ ਲੱਖਾ ਸਿਧਾਣਾ ਨਾਲ ਸਾਡੀ ਕੋਈ ਦੂਰੀ ਹੈ, ਲੱਖਾ ਸਿਧਾਣਾ ਸਾਡਾ ਆਪਣਾ ਹੀ ਹੈ। ਮਹਿਰਾਜ ਵਿੱਚ ਹੋਈ ਰੈਲੀ ਵਿੱਚ ਲੱਖਾ ਸਿਧਾਣਾ ਨੇ ਕਿਸੇ ਕਿਸਾਨ ਲੀਡਰ ਦੇ ਖਿਲਾਫ ਬੋਲਣ ਦੀ ਬਜਾਏ ਕਿਸਾਨੀ ਅੰਦੋਲਨ ਨੂੰ ਜਿੱਤਣ ਦੀ ਗੱਲ ਕੀਤੀ ਤਾਂ ਫਿਰ ਅਸੀਂ ਸਾਰੇ ਉਸ ਸੁਨੇਹੇ ਨੂੰ ਸਮਝੀਏ, ਮੋਰਚੇ ਨੂੰ ਪਹਿਲ ਦੇਈਏ, ਮੋਰਚਾ ਜਿੱਤ ਲਈਏ ਕਿਉਂਕਿ ਸਾਡਾ ਦੁਸ਼ਮਣ ਤਗੜਾ ਹੈ। ਸਰਕਾਰ ਚਾਹੁੰਦੀ ਹੈ ਕਿ ਪੱਗਾਂ ਵਾਲੇ ਪੰਜਾਬ ਵਿੱਚ ਹੀ ਉਲਝ ਜਾਣ, ਇਸ ਲਈ ਅੰਦੋਲਨ ਦੀ ਸਰਦਾਰੀ ਤੁਹਾਡੇ ਹੱਥ ਹੈ, ਅਸੀਂ ਜਿੱਤਣਾ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਨੂੰ ਉਸਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਨੂੰਨ ‘ਚ ਕਾਲਾ ਕੀ ਹੈ। ਡੱਲੇਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕਾਨੂੰਨ ਬਣਾਉਣ ਵਾਲੇ ਦੀ ਨੀਅਤ ਅਤੇ ਨੀਤੀ ਹੀ ਕਾਲੀ ਹੈ। ਇਨ੍ਹਾਂ ਕਾਨੂੰਨਾਂ ‘ਚ ਲਿਖਿਆ ਗਿਆ ਹੈ ਕਿ ਜੇਕਰ ਕਿਸਾਨਾਂ ਦਾ ਪੈਸੇ ਦੇ ਲੈਣ-ਦੇਣ ‘ਚ ਕੋਈ ਝਗੜਾ ਹੋ ਜਾਵੇ ਤਾਂ ਉਹ ਕੋਰਟ ਨਹੀਂ ਜਾ ਸਕਦਾ। ਜਿਸ ਕਿਸਾਨ ਦਾ ਕੋਰਟ ਜਾਣ ਦਾ ਅਧਿਕਾਰ ਹੀ ਖੋਹ ਲਿਆ ਜਾਵੇ ਤਾਂ ਕੀ ਉਹ ਕਿਸਾਨ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਹੋ ਸਕਦਾ ਹੈ।

ਕਾਨੂੰਨ ਵਿੱਚ ਲਿਖਿਆ ਹੈ ਕਿ ਕਿਸਾਨ ਦੀ ਜ਼ਮੀਨ ਕੋਈ ਠੇਕੇ ‘ਤੇ ਨਹੀਂ ਲੈ ਸਕਦਾ, ਕੋਈ ਗਹਿਣੇ ਨਹੀਂ ਲੈ ਸਕਦਾ। ਜੇਕਰ ਕਿਸਾਨ ਅਤੇ ਠੇਕੇ ‘ਤੇ ਜ਼ਮੀਨ ਦੇਣ ਵਾਲਾ ਵਿਅਕਤੀ, ਦੋਵੇਂ ਸਹਿਮਤ ਹਨ ਤਾਂ ਕੁੱਝ ਵੀ ਹੋ ਸਕਦਾ ਹੈ। ਇਨ੍ਹਾਂ ਲਾਈਨਾਂ ‘ਚ ਸਾਰੇ ਖੇਤੀ ਕਾਨੂੰਨਾਂ ਦਾ ਅਰਥ ਲੁਕਿਆ ਹੋਇਆ ਹੈ। ਇਸ ਨਾਲ ਕਿਸਾਨ ਦੀ ਤਾਂ ਜ਼ਮੀਨ ਹੱਥੋਂ ਚਲੀ ਜਾਵੇਗੀ। ਮੰਡੀ ਸਿਸਟਮ ਖਤਮ ਕੀਤਾ ਜਾਵੇਗਾ।

ਜਦੋਂ ਹਰੇਕ ਕਿਸਾਨ ਨੂੰ ਇੱਕ ਕੁਇੰਟਲ ਦੇ ਮਗਰ ਹਜ਼ਾਰ, 1200 ਰੁਪਏ ਦਾ ਘਾਟਾ ਪਿਆ ਤਾਂ ਐਵਰੇਜ ਮੁਤਾਬਕ ਹਰ ਪ੍ਰਕਾਰ ਦੀ ਖੇਤੀ ‘ਤੇ ਕਿਸਾਨ 2 ਲੱਖ ਤੋਂ ਲੈ ਕੇ 10 ਲੱਖ ਦਾ ਘਾਟਾ ਕਿਸਾਨ ਨੂੰ ਪਵੇਗਾ।

ਹਰਦੀਪ ਸਿੰਘ ਡਿਬਡਿਬਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਇਤਿਹਾਸ ਨਾਲ ਖੜ੍ਹਾ ਹੋਇਆ ਹਾਂ। ਮੇਰੇ ਪੋਤਰੇ ਦੀ ਸ਼ਹਾਦਤ ਤੋਂ ਬਾਅਦ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਜਦੋਂ ਮੈਂ ਮੋਰਚੇ ‘ਚ ਵਾਪਸ ਆਇਆ ਤਾਂ ਉਦੋਂ ਮੋਰਚੇ ‘ਚ ਥੋੜ੍ਹਾ ਜਿਹਾ ਨਾਕਾਰਾਤਮਕ ਮਾਹੌਲ ਬਣਿਆ ਹੋਇਆ ਸੀ। ਇਸ ਮਾਹੌਲ ਨੂੰ ਖਤਮ ਕਰਨ ਲਈ ਅਸੀਂ 7 ਮਾਰਚ ਨੂੰ ਦਿੱਲੀ ਬਾਰਡਰਾਂ ‘ਤੇ ਅਰਦਾਸ ਸਮਾਗਮ ਰੱਖਿਆ ਅਤੇ ਲਗਭਗ ਡੇਢ ਮਹੀਨੇ ਤੋਂ ਬਾਅਦ ਸਾਰੀ ਕਿਸਾਨ ਲੀਡਰਸ਼ਿਪ ਇਸ ਅਰਦਾਸ ਦਿਵਸ ਵਿੱਚ ਸ਼ਾਮਿਲ ਹੋਏ।

ਅਸੀਂ ਕਿਸਾਨੀ ਮੋਰਚੇ ਤੋਂ ਨਰਾਜ਼ ਹੋ ਕੇ ਗਏ ਨੌਜਵਾਨਾਂ ਨੂੰ ਵਾਪਸ ਬੁਲਾਉਣ ਲਈ 25 ਮਾਰਚ ਨੂੰ ਮੋਗਾ ਤੋਂ ਇੱਕ ਨੌਜਵਾਨ ਕਿਸਾਨ ਮੋਰਚਾ ਇੱਕਜੁੱਟਤਾ ਮਾਰਚ ਲੈ ਕੇ ਅਸੀਂ ਚੱਲੇ ਸੀ, ਜਿਸਨੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ। ਇਸ ਮਾਰਤ ਨੇ ਸਾਰੀਆਂ ਦੂਰੀਆਂ ਦੂਰ ਕਰ ਦਿੱਤੀਆਂ। ਮੈਂ ਉਨ੍ਹਾਂ ਸਾਰਿਆਂ ਨੌਜਵਾਨਾਂ ਅਤੇ ਕਿਸਾਨ ਲੀਡਰਾਂ ਦਾ ਧੰਨਵਾਦ ਕਰਦਾ ਹਾਂ। ਵਾਢੀ ਦੇ ਮੌਸਮ ਵਿੱਚ ਵੀ ਅਸੀਂ ਕਿਸਾਨੀ ਅੰਦੋਲਨ ਨੂੰ ਪੂਰਾ ਬਰਕਰਾਰ ਰੱਖਣਾ ਹੈ।