India Punjab

ਚੰਡੀਗੜ੍ਹ ਪਹੁੰਚੇ ਕਿਸਾਨ ਲੀਡਰਾਂ ਦੀ ਦਿੱਲੀ ਪੁਲਿਸ ਨੂੰ ਲਲਕਾਰ

‘ਦ ਖ਼ਾਲਸ ਬਿਊਰੋ :- ਅੱਜ ਚੰਡੀਗੜ੍ਹ ਦੇ ਸੈਕਟਰ 25 ‘ਚ ਰੈਲੀ ਗਰਾਊਂਡ ਵਿੱਚ ਨੌਜਵਾਨ ਕਿਸਾਨ ਏਕਤਾ,ਚੰਡੀਗੜ੍ਹ ਵੱਲੋਂ ਕਿਸਾਨਾਂ ਦੀ ਮਹਾਂ ਪੰਚਾਇਤ ਕਰਵਾਈ ਗਈ ਇਸ ਮਹਾਂ ਪੰਚਾਇਤ ਵਿੱਚ ਤਿੰਨ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਸਿੰਘ ਉਗਰਾਹਾਂ ਅਤੇ ਰੁਲਦੂ ਸਿੰਘ ਮਾਨਸਾ ਸ਼ਾਮਿਲ ਹੋਏ। ਚੜੂਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਹੁਣ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਦੇਸ਼ ਬਚਾਉਣ ਲਈ ਧਰਮਯੁੱਧ ਵਿੱਚ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਲੜਾਈ ਦੇਸ਼ ਬਚਾਉਣ ਦੀ ਹੈ। ਕੇਂਦਰ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖਣ ਦਾ ਮਨ ਬਣਾ ਲਿਆ ਹੈ। ਇਸ ਲਈ ਅੰਦੋਲਨ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮੁਹੱਲਿਆਂ, ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਉਣ ਵਾਲੇ ਸੰਕਟ ਤੋਂ ਜਾਗਰੂਕ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ। 

ਉਨ੍ਹਾਂ ਕਿਹਾ ਕਿ ਅਡਾਨੀ-ਅੰਬਾਨੀ ਦੀ ਇੱਕ ਘੰਟੇ ਦੀ ਕਮਾਈ ਤਾਂ 90 ਕਰੋੜ ਦੇ ਕਰੀਬ ਹੈ ਪਰ ਦੇਸ਼ ਦਾ ਨੌਜਵਾਨ ਮਜ਼ਦੂਰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਮ ਕਰਨ ਲਈ ਮਜ਼ਬੂਰ ਹੈ। ਗਰੀਬੀ ਅਤੇ ਕਰਜ਼ਿਆਂ ਕਾਰਨ ਚਾਰ ਲੱਖ ਨਾਗਰਿਕ ਆਤਮ ਹੱਤਿਆ ਕਰ ਰਹੇ ਹਨ। 

ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਸ਼ਹਿਰੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਕਿਸਾਨਾਂ ਦੀ ਫਸਲਾਂ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ, ਜਿਸ ਕਰਕੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਵਾਢੀ ਲਈ ਵਾਪਸ ਘਰਾਂ ਨੂੰ ਆਉਣਾ ਪਵੇਗਾ। ਜਦੋਂ ਤੱਕ ਕਿਸਾਨ ਆਪਣੀ ਫਸਲਾਂ ਦੀ ਵਾਢੀ ਪੂਰੀ ਨਹੀਂ ਕਰ ਲੈਂਦੇ, ਉਦੋਂ ਤੱਕ ਸ਼ਹਿਰੀ ਲੋਕ ਜਿਨ੍ਹਾਂ ਦੀਆਂ ਫਸਲਾਂ ਨਹੀਂ ਹਨ, ਉਹ ਕਿਸਾਨੀ ਅੰਦੋਲਨ ‘ਚ ਸ਼ਮੂਲੀਅਤ ਕਰਨ। ਇਸਦੇ ਨਾਲ ਹੀ ਉਨ੍ਹਾਂ ਨੇ ਬੀਜੇਪੀ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦੀ ਅਪੀਲ ਕੀਤੀ। ਮਾਨਸਾ ਨੇ ਕਿਹਾ ਕਿ ਇਸ ਵਾਰ ਜਿਸ ਤਰ੍ਹਾਂ ਬੀਜੇਪੀ ਦਾ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ, ਉਸੇ ਤਰ੍ਹਾਂ ਸਾਰੇ ਪਾਸਿਆਂ ਤੋਂ ਭਾਜਪਾ ਦਾ ਸਫਾਇਆ ਕੀਤਾ ਜਾਵੇਗਾ।