India International Punjab

ਮੁਜ਼ੱਫਰਨਗਰ ਦੀ ਮਹਾਂਪੰਚਾਇਤ ਦੀ ਸਟੇਜ ਤੋਂ ਕਿਸਾਨ ਲੀਡਰਾਂ ਦੀ ਤੱਤੀਆਂ ਤਕਰੀਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ ਵਿੰਢੀ ਗਈ ਕਿਸਾਨਾਂ ਦੀ ਮਹਾਂ ਪੰਚਾਇਤ ਇਤਿਹਾਸਿਕ ਹੋ ਨਿਬੜੀ। ਦੇਸ਼ ਭਰ ਚੋਂ ਆਏ ਕਿਸਾਨ ਲੀਡਰਾਂ ਨੇ ਆਪਣੇ ਸਮੱਰਥਕਾਂ ਦੇ ਨਾਲ ਇਸ ਪੰਚਾਇਤ ਵਿੱਚ ਹਾਜ਼ਿਰੀ ਭਰੀ ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਹਰ ਵਰਗ ਦੀ ਲੜਾਈ ਹੈ।

ਪਰ ਹੈਰਾਨੀ ਦੀ ਗੱਲ ਹੈ ਕਿ ਰਾਕੇਸ਼ ਟਿਕੈਤ ਦੀ ਜਦੋਂ ਇਸ ਮਹਾਂਪੰਚਾਇਤ ਵਿੱਚ ਐਂਟਰੀ ਹੋਈ ਤਾਂ ਉਸ ਤੋਂ ਬਾਅਦ ਕਿਸਾਨਾਂ ਦੀਆਂ ਤਕਰੀਰਾਂ ਨੂੰ ਇੰਟਰਨੈੱਟ ਬੰਦ ਹੋਣ ਨਾਲ ਇਕ ਵਾਰ ਨਹੀਂ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ਉੱਤੇ ਕਿਸਾਨੀ ਅੰਦੋਲਨ ਦੀ ਲਾਇਵ ਕਵਰੇਜ ਬਾਰ-ਬਾਰ ਬੰਦ ਹੁੰਦੀ ਰਹੀ। ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਦੇ ਕਿਸਾਨ ਸਮਰਥਕਾਂ ਨਾਲ ਕੁੱਝ ਤੱਤਾਂ ਵੱਲੋਂ ਬਦਤਮੀਜੀ ਕਰਨ ਦੀ ਘਟਨਾ ਵੀ ਵਾਪਰੀ।ਜਦੋਂ ਇਹ ਗੱਲ ਰਾਕੇਸ਼ ਟਿਕੈਤ ਤੱਕ ਪਹੁੰਚੀ ਤਾਂ ਮਾਹੌਲ ਭਖਦਾ ਦੇਖ ਕੇ ਰਾਕੇਸ਼ ਟਿਕੈਤ ਵੀ ਗਰਮ ਹੋ ਗਏ ਤੇ ਉਨ੍ਹਾਂ ਨੇ ਸਟੇਜ ਤੋਂ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ…ਕਿਸ ਕਿਸਾਨ ਲੀਡਰ ਨੇ ਇਸ ਮਹਾਂਪੰਚਾਇਤ ਵਿੱਚ ਕੀ ਤਕਰੀਰ ਕੀਤਾ…ਆਓ ਦੇਖਦੇ ਹਾਂ….

ਮੋਦੀ ਜਾਂ ਮੰਗਾਂ ਮੰਨੇ ਜਾਂ ਛੱਡ ਦੇਵੇ ਕੁਰਸੀ : ਰੂਲਦੂ ਸਿੰਘ ਮਾਨਸਾ

ਅੱਜ ਜਿਹੜੀ ਲੜਾਈ ਸ਼ੁਰੂ ਕਰਨ ਜਾ ਰਹੇ ਹਾਂ, 2022 ਮਿਸ਼ਨ ਇਸ ਸ਼ਹਿਰ ਤੋਂ ਸ਼ੁਰੂ ਹੋਇਆ ਹੈ ਇਹ 2024 ਤੱਕ ਚੱਲੇਗਾ। 2022 ਵਿਚ ਪੰਜ ਸਟੇਟਾਂ ਵਿਚ ਵੋਟਾਂ ਪੈਣੀਆਂ ਹਨ। ਜਿਥੇ ਵੋਟਾਂ ਪੈਣਗੀਆਂ ਉਥੋਂ ਬੀਜੇਪੀ ਦੀਆਂ ਜੜ੍ਹਾਂ ਉਖਾੜਨੀਆਂ ਹਨ। 2024 ਤੱਕ ਜਾਂ ਤਾਂ ਮੋਦੀ ਸਾਡੀਆਂ ਮੰਗਾਂ ਮੰਨ ਲਵੇ ਤੇ ਜਾਂ ਫਿਰ ਕੁਰਸੀ ਛੱਡ ਦੇਣ, ਅਸੀਂ ਕੁਰਸੀ ਦਾ ਖੁਦ ਇੰਤਜਾਮ ਕਰ ਲਵਾਂਗੇ।ਉਨ੍ਹਾਂ ਕਿਹਾ ਕਿ ਇਹ ਕਿਸੇ ਧਰਮ ਦੀ ਲੜਾਈ ਨਹੀਂ ਹੈ। ਇਹ ਦੋ ਜਮਾਤਾਂ ਕਿਸਾਨਾਂ ਤੇ ਲੁੱਟਣ ਵਾਲਿਆਂ ਦੀ ਲੜਾਈ ਹੈ। 92 ਫੀਸਦ ਸਾਡੀ ਜਮਾਤ ਜੇਕਰ ਨਾ ਜਿੱਤ ਸਕੀ ਤਾਂ ਸਾਡੀ ਇਹ ਮੌਤ ਮੰਨੀ ਜਾਵੇਗੀ, ਇਸ ਲਈ ਲੁੱਟਣ ਵਾਲਿਆਂ ਨੂੰ ਖਤਮ ਕਰਨਾ ਹੀ ਸਾਡੀ ਲੜਾਈ ਹੈ।

ਅੰਨਦਾਤੇ ਨੂੰ ਮੋਦੀ ਸਰਕਾਰ ਦੀਆਂ ਕੱਢੀਆਂ ਗਾਲਾ ਪੁਸ਼ਤਾਂ ਨਹੀਂ ਭੁੱਲਣਗੀ : ਰਾਜੇਵਾਲ

ਕਿਸਾਨ ਲੀਡਰ ਬਲਵੀਰ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਰਾ ਕੁੱਝ ਵੇਚ ਦਿਤਾ ਹੈ, ਹੁਣ ਖੇਤੀ ਉੱਤੇ ਨਜ਼ਰਾਂ ਹਨ। ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਝੂਠ ਬੋਲਣ ਵਿਚ ਮਾਹਿਰ ਹੈ। ਸਾਰੇ ਸੂਬਿਆਂ ਵਿੱਚ ਅੰਦੋਲਨ ਤੇਜੀ ਫੜ ਰਿਹਾ ਹੈ ਤੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿੱਲ ਰਹੀਆਂ ਹਨ। ਅਸੀਂ ਬੰਗਾਲ ਗਏ ਤੇ ਵੋਟ ਉੱਤੇ ਚੋਟ ਕੀਤੀ ਤਾਂ ਉੱਥੇ ਲੋਕਾਂ ਨੇ ਮੋਦੀ ਤੇ ਯੋਗੀ ਨੂੰ ਮਾਂਜ ਕੇ ਰੱਖ ਦਿੱਤਾ। ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਅੰਦੋਲਨਜੀਵੀ ਕਿਹਾ ਗਿਆ। ਅੰਨਦਾਤੇ ਨੂੰ ਗਾਲਾਂ ਕੱਢੀਆਂ ਗਈਆਂ।ਇਹ ਗਾਲਾਂ ਦੇਸ਼ ਦਾ ਕਿਸਾਨ ਕਦੇ ਨਹੀਂ ਭੁੱਲੇਗਾ। ਸਾਢੇ ਨੌ ਮਹੀਨੇ ਤੋਂ ਦੇਸ਼ ਦੇ ਬਾਰਡਰ ਉੱਤੇ ਬੈਠਾ ਹਾ। ਅੱਜ ਸਾਰੇ ਦੇਸ਼ ਦਾ ਕਿਸਾਨ ਸੜਕਾਂ ਉੱਤੇ ਹੈ। ਇਹ ਅੰਦੋਲਨ ਮੋਦੀ ਸਰਕਾਰ ਨੂੰ ਸਿਗਨਲ ਹੈ ਕਿ ਰਾਹ ਤੇ ਆ ਜਾਓ ਨਹੀਂ ਮਿਟਾ ਦਿੱਤੇ ਜਾਓਗੇ। 27 ਸਤੰਬਰ ਨੂੰ ਦੇਸ਼ ਬੰਦ ਕੀਤਾ ਜਾ ਰਿਹਾ ਹੈ। ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਹੈ, ਇਹ ਲੋਕਾਂ ਦੇ ਭਵਿੱਖ ਦਾ ਅੰਦੋਲਨ ਹੈ। ਕਾਰੋਬਾਰੀ ਭੁਲੇਖੇ ਵਿਚ ਨਾ ਰਹਿਣ। ਨਹੀਂ ਸਾਥ ਦਿਓਗੇ ਤਾਂ ਬਚੇਗਾ ਕੋਈ ਵੀ ਨਹੀਂ। ਦੇਸ਼ ਨੂੰ ਬਚਾਉਣ ਲਈ ਹੀ ਇਹ ਦੇਸ਼ ਦਾ ਅੰਦੋਲਨ ਬਣਿਆ ਹੈ।ਅਸੀਂ ਛੋਟਾ ਜਿਹਾ ਸੱਦਾ ਦਿੱਤਾ ਸੀ, ਤੁਸੀਂ ਇਕੱਠ ਕਰਕੇ ਸਰਕਾਰ ਹਿਲਾ ਦਿੱਤੀ ਹੈ।ਰਾਜੇਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਮੈਨੂੰ ਮਿਲਣ ਆਏ ਤਾਂ ਹਰ ਕਿਸੇ ਨੇ ਮੈਨੂੰ ਇੱਕੋ ਗੱਲ ਕਹੀ ਕਿ ਇਸ ਗਰਾਉਂਡ ਵਿਚ ਜਿਸ ਸਰਕਾਰ ਖਿਲਾਫ ਰੈਲੀ ਹੋਈ, ਉਹ ਸਰਕਾਰ ਚਲੀ ਜਾਂਦੀ ਹੈ।ਮੋਰਚੇ ਨੂੰ ਕੋਈ ਹਰਾ ਨਹੀਂ ਸਕਦਾ।

ਕਿਸਾਨ ਮੋਦੀ ਸਰਕਾਰ ਨਾਲ ਪੰਗਾ ਲੈਣ ਆਇਆ ਹੈ, ਜਿੱਤਾਂਗੇ : ਮੇਧਾ

ਮੇਧਾ ਪਾਟਕਰ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਇੱਥੇ ਮੋਦੀ ਸਰਕਾਰ ਨਾਲ ਪੰਗਾ ਲੈਣ ਆਇਆ ਹੈ। ਕਿਸਾਨਾਂ ਦੇ ਮੁੱਦਿਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।ਹਿੰਦੂ ਸਿਖ ਮੁਸਲਮਾਨ ਭਰਾ-ਭਰਾ ਹੈ। ਮੋਦੀ ਸਰਕਾਰ ਦੀ ਕਾਲੇ ਕਾਨੂੰਨਾਂ ਵਰਗੀ ਕਾਲੀ ਨਜਰ ਦਾ ਜਵਾਬ ਦਿੱਤਾ ਜਾਵੇਗਾ। ਹੁਣ ਨੋਟਬੰਦੀ ਦੇ ਖਿਲਾਫ ਵੋਟਬੰਦੀ ਕੀਤੀ ਜਾਵੇਗੀ

ਅਗਲੇ ਦਿਨਾਂ ਵਿੱਚ ਹੋਣਗੇ ਵੱਡੇ ਇਕੱਠ : ਡਾ. ਦਰਸ਼ਨ ਪਾਲ

ਇਸ ਮੌਕੇ ਦਰਸ਼ਨ ਪਾਲ ਨੇ ਕਿਹਾ ਕਿ 27 ਸਤੰਬਰ ਤੋਂ ਪਹਿਲਾਂ ਕਰਨਾਲ ਤੇ 15 ਸਤੰਬਰ ਨੂੰ ਜੈਪੁਰ ਵਿੱਚ ਕਿਸਾਨਾਂ ਦਾ ਇਕੱਠ ਹੋਵੇਗਾ। ਇਸੇ ਤਰ੍ਹਾਂ 9 ਤੇ 10 ਸਤੰਬਰ ਨੂੰ ਲਖਨਊ ਵਿਖੇ ਕਿਸਾਨ ਲੀਡਰਾਂ ਦੀ ਵੱਡੀ ਰੈਲੀ ਹੋਵੇਗੀ। ਯੂਪੀ ਦਾ ਕਿਸਾਨ ਮੋਰਚਾ ਵੀ ਬਣਾਇਆ ਜਾਵੇਗਾ।