Punjab

144 ਟੋਇਟਾ ਗੱਡੀਆਂ ਦੀ ਖ਼ਰੀਦ ’ਚ ਘਪਲੇ ਦੀ ਜਾਂਚ ਦੀ ਮੰਗ, ਕਿਸਾਨ ਕਾਂਗਰਸ ਵਲੋਂ ਰਾਜਪਾਲ ਕੋਲ ਅਰਜ਼ੀ

ਬਿਊਰੋ ਰਿਪੋਰਟ: ਅੱਜ ਕਿਸਾਨ ਕਾਂਗਰਸ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀਆਂ 144 Toyota Hilux ਗੱਡੀਆਂ ਦੀ ਗੈਰ-ਕਾਨੂੰਨੀ ਖ਼ਰੀਦਦਾਰੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਵਫ਼ਦ ਦਾ ਕਹਿਣਾ ਹੈ ਕਿ ਇਸ ਖ਼ਰੀਦ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਭਗ 15-20 ਕਰੋੜ ਦਾ ਨੁਕਸਾਨ ਹੋਇਆ ਹੈ।

ਦੱਸ ਦੇਈਏ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਖ਼ਰੀਦ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਇੱਕ ਵੀ ਗੱਡੀ ’ਤੇ ਕੋਈ ਛੋਟ ਨਹੀਂ ਲਈ ਗਈ, ਜਦੋਂ ਕਿ ਆਮ ਗਾਹਕ ਨੂੰ 10 ਲੱਖ ਤੱਕ ਦੀ ਛੋਟ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਇਸ ਖਰੀਦ ਵਿੱਚ ਕਥਿਤ ਤੌਰ ‘ਤੇ ਨਕਦ ਭੁਗਤਾਨ ਕੀਤੇ ਗਏ ਸਨ, ਪਰ ਦਸਤਾਵੇਜ਼ਾਂ ਵਿੱਚ ਕੋਈ ਛੋਟ ਨਹੀਂ ਦਿਖਾਈ ਗਈ ਹੈ। ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਗਿਆ ਹੈ।

ਦੱਸ ਦੇਈਏ ਇਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ-ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਸਵਾਲ ਖੜੇ ਕੀਤੇ ਹਨ।