Punjab

ਕਿਰਤੀ ਕਿਸਾਨ ਯੂਨੀਅਨ ਨੇ ਚੋਣਾਂ ਨਾ ਲੜਨ ਦਾ ਪ੍ਰਣ ਦੁਹਰਾਇਆ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਬੀਤੇ ਦਿਨੀਂ ਕਿਸਾਨ ਯੂਨੀਅਨ ਨੇ ਸੰਯੁਕਤ ਸਮਾਜ ਮੋਰਚਾ ਹੇਠ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੇ ਸਿੰਘ ਢੁੱਡੀਕੇ ਨੇ ਪੰਜਾਬ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵਿਧਾਨ ਸਭਾ ਚੋਣਾਂ ਵਿੱਚ ਕੋਈ ਉਮੀਦਵਾਰ ਖੜਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚਾ ਵਿੱਚ ਅਸੀਂ ਸ਼ਾਮਿਲ ਨਹੀਂ ਹੋਵਾਂਗੇ। ਢੁੱਡੀਕੇ ਨੇ ਕਿਹਾ ਕਿ ਹਾਲੇ ਕਿਸਾਨਾਂ ਦੇ ਵੱਡੇ ਮਸਲੇ ਹੱਲ ਨਹੀਂ ਹੋਏ ਹਨ। ਉਨ੍ਹਾਂ ਦੂਜੇ ਕਿਸਾਨ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਲੇ ਕਿਸਾਨਾਂ ਦੀ ਲੜਾਈ ਪੂਰੀ ਨਹੀਂ ਹੋਈ ਹੈ। ਇਸ ਲਈ ਉਹ ਚੋਣਾਂ ਬਾਰੇ ਮੁੜ ਤੋਂ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਥੀ ਵਾਪਸ ਨਹੀਂ ਆਏ ਤਾਂ ਉਨ੍ਹਾਂ ਨਾਲ ਵੀ ਉਹੀ ਕੁੱਝ ਹੋਵੇਗਾ ਜੋ ਦੂਜੀਆਂ ਰਾਜਨੀਤਕ ਪਾਰਟੀਆਂ ਨਾਲ ਹੋ ਰਿਹਾ ਹੈ।

ਇਸ ਮੌਕੇ ਕਿਸਾਨ ਲੀਡਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਕਿਸਾਨ ਨੇਤਾ ਚੋਣ ਮੈਦਾਨ ਵਿੱਚ ਉਤਰਣ ਦੀ ਤਿਆਰੀ ਵਿੱਚ ਲੱਗੇ ਹਨ, ਉਹਨਾਂ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਚੋਣਾਂ ਦੌਰਾਨ ਇੱਕ ਮੁਹਿੰਮ ਚਲਾ ਕੇ ਜਨਤਕ ਮੁੱਦੇ ਚੁੱਕਾਂਗੇ। ਉਨ੍ਹਾਂ ਮੰਗ ਕੀਤੀ ਕਿ ਲੈਂਡ ਸੀਲਿੰਗ ਐਕਟ ਨੂੰ ਲਾਗੂ ਕੀਤਾ ਜਾਵੇ। ਪੰਜਾਬ ਵਿੱਚ ਪਾਣੀ ਦਾ ਮਾਮਲਾ ਰਿਪੇਰੀਅਨ ਕਾਨੂੰਨ ਮੁਤਾਬਕ ਹੱਲ ਕੀਤਾ ਜਾਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬੀ ਬੋਲਣ ਵਾਲੇ ਜਿਹੜੇ ਦੂਜੇ ਸੂਬਿਆਂ ਵਿੱਚ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਸ਼ਾਮਿਲ ਕੀਤਾ ਜਾਵੇ।