ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਤੀਜੀ ਵਾਰ ਬ੍ਰਿਟੇਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਬਰਮਿੰਘਮ ਦੇ ਲਈ ਫਲਾਈਟ ਫੜਨੀ ਸੀ ਪਰ ਕਿਰਨਦੀਪ ਕੌਰ ਨੂੰ ਏਅਰਪੋਰਟ ਤੋਂ ਹੀ ਵਾਪਸ ਭੇਜਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿਰਨਦੀਪ ਕੌਰ ਨੇ 2 ਵਾਰ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। 14 ਜੁਲਾਈ ਨੂੰ ਉਹ ਬ੍ਰਿਟੇਨ ਜਾਣ ਦੇ ਲਈ ਰਵਾਨਾ ਹੋਏ ਸਨ ਪਰ ਨਹੀਂ ਜਾਣ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਕਰਨ ਤੋਂ ਪਹਿਲਾਂ ਵੀ ਕਿਰਨਦੀਪ ਕੌਰ ਨੇ 20 ਅਪ੍ਰੈਲ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਬਰਮਿੰਘਮ ਦੀ ਫਲਾਈਟ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਅਧਿਕਾਰੀਆਂ ਵੱਲੋਂ ਲੰਮੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ।
ਉਸ ਵੇਲੇ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਫੜਿਆ ਨਹੀਂ ਹੈ, ਇਸ ਲਈ ਕਿਰਨਦੀਪ ਕੌਰ ਨੂੰ ਰੋਕਿਆ ਗਿਆ ਹੋ ਸਕਦਾ ਹੈ। ਹਾਲਾਂਕਿ 3 ਦਿਨ ਬਾਅਦ ਹੀ ਅੰਮ੍ਰਿਤਪਾਲ ਸਿੰਘ ਨੇ ਰੋਡੇ ਪਿੰਡ ਵਿੱਚ ਸਰੰਡਰ ਕਰ ਦਿੱਤਾ ਸੀ। ਉਸ ਤੋਂ ਬਾਅਦ ਕਿਰਨਦੀਪ ਕੌਰ ਨੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਡਿਬਰੂਗੜ੍ਹ ਜੇਲ੍ਹ ਵਿੱਚ ਉਹ ਹਰ ਵੀਰਵਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨੂੰ ਮਿਲਣ ਜਾ ਰਹੇ ਸਨ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਫ਼ੋਨ ਅਤੇ ਖਾਣੇ ਦਾ ਮੁੱਦਾ ਚੁੱਕ ਦੇ ਹੋਏ ਭੁੱਖ ਹੜਤਾਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਘਰ ਵਾਲਿਆਂ ਨੂੰ ਫ਼ੋਨ ਕਰਨ ਦੀ ਇਜਾਜ਼ਤ ਮਿਲ ਗਈ ਸੀ। ਕਿਰਨਦੀਪ ਕੌਰ ਬ੍ਰਿਟੇਨ ਦੀ ਨਾਗਰਿਕ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਏਜੰਸੀ ਵੱਲੋਂ ਕਿਉਂ ਰੋਕਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਕਿਉਂਕਿ ਕਿਰਨਦੀਪ ਅੰਮ੍ਰਿਤਪਾਲ ਸਿੰਘ ਦੀ ਪਤਨੀ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ NSA ਲੱਗਿਆ ਹੈ ਅਤੇ ਜੇਕਰ ਪਤਨੀ ਤੋਂ ਪੁੱਛ-ਗਿੱਛ ਕਰਨ ਦੀ ਜ਼ਰੂਰਤ ਹੋਈ ਤਾਂ ਭਾਰਤੀ ਏਜੰਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸੇ ਲਈ ਏਜੰਸੀਆਂ ਜਾਂਚ ਪੂਰੀ ਹੋਣ ਤੱਕ ਕਿਰਨਦੀਪ ਕੌਰ ਨੂੰ ਭਾਰਤ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੀਆਂ।