ਚੰਡੀਗੜ੍ਹ ਦੀ ਭਾਜਪਾ ਸਾਂਸਦ ਕਿਰਨ ਖੇਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਪਰ ਹਾਲ ਫ਼ਿਲਹਾਲ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ ‘ਕਿਰਨ ਖੇਰ ਲਾਪਤਾ’ ਦੇ ਪੋਸਟਰ ਲੱਗੇ ਹੋਏ ਦਿਖਾਈ ਦਿੱਤੇ।
ਚੰਡੀਗੜ੍ਹ ਯੂਥ ਕਾਂਗਰਸ ਨੇ ਰੇਲਵੇ ਸਟੇਸ਼ਨ ‘ਤੇ ਲਾਏ ਜਾ ਰਹੇ ‘ਪਿਕ ਐਂਡ ਡਰਾਪ’ ਦੇ ਟੋਲ ਵਿਰੁੱਧ ਐਮਪੀ ਕਿਰਨ ਖੇਰ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਹਨ। ਇਨ੍ਹਾਂ ‘ਚ ਖੇਰ ਦੀ ਫੋਟੋ ਨਾਲ ਲਿਖਿਆ ਹੈ ਕਿ ਚੰਡੀਗੜ੍ਹ ਦੇ ਦੁਖੀ ਲੋਕ ਆਪਣੀ ਲਾਪਤਾ ਸੰਸਦ ਮੈਂਬਰ ਨੂੰ ਰੇਲਵੇ ਸਟੇਸ਼ਨ ‘ਤੇ ਲੱਭ ਰਹੇ ਹਨ।
ਦੂਜੇ ਪਾਸੇ ਪੋਸਟਰ ‘ਤੇ ਖੇਰ ਦੀ ਫੋਟੋ ਦੇ ਹੇਠਾਂ ‘ਲਾਪਤਾ’ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਭਾਜਪਾ ਦੇ ਚੋਣ ਨਿਸ਼ਾਨ ਦੀ ਫੋਟੋ ਵਾਲਾ ਇੱਕ ਹੋਰ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ‘ਚ ਲਿਖਿਆ ਗਿਆ ਹੈ ਕਿ ਚੰਡੀਗੜ੍ਹ ਦੇ ਦੁਖੀ ਲੋਕ ਰੇਲਵੇ ਸਟੇਸ਼ਨ ‘ਤੇ ਲਾਪਤਾ ਭਾਜਪਾ ਨੂੰ ਲੱਭ ਰਹੇ ਹਨ।
ਰੇਲਵੇ ਸਟੇਸ਼ਨ ‘ਤੇ ਲਗਾਏ ਗਏ ਟੋਲ ਖਿਲਾਫ ਯੂਥ ਕਾਂਗਰਸ ਦਾ ਧਰਨਾ ਬੀਤੀ 28 ਨਵੰਬਰ ਤੋਂ ਜਾਰੀ ਹੈ।ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਦਾ ਮਰਨ ਵਰਤ ਅੱਜ 6ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਬਾਵਜੂਦ ਰੇਲਵੇ ਅਥਾਰਟੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਟੋਲ ਦਰਾਂ ਨੂੰ ਘਟਾਉਣ ਜਾਂ ਹਟਾਉਣ ਸਬੰਧੀ ਅਜੇ ਤੱਕ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ। ਬੀਤੇ ਬੁੱਧਵਾਰ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸ਼ਮੂਲੀਅਤ ਕੀਤੀ।