International

ਇਰਾਨ-ਇਜ਼ਰਾਈਲ ਜੰਗ ’ਤੇ ਕਿਮ ਜੋਂਗ ਉਨ ਦਾ ਵੱਡਾ ਬਿਆਨ: “ਪਰਮਾਣੂ ਹਥਿਆਰ ਰੱਖਣ ਦਾ ਸਾਡਾ ਫੈਸਲਾ ਬਿਲਕੁਲ ਸਹੀ ਸੀ”

ਪਿਓਂਗਯਾਂਗ (24 ਮਾਰਚ, 2026): ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਨੇ ਦੇਸ਼ ਕੋਲ ਪਰਮਾਣੂ ਹਥਿਆਰ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਅਮਰੀਕਾ ਅਤੇ ਇਜ਼ਰਾਈਲ ਨੂੰ ਕਰੜੇ ਹੱਥੀਂ ਲਿਆ ਹੈ। ਸਰਕਾਰੀ ਮੀਡੀਆ ਮੁਤਾਬਕ ਕਿਮ ਨੇ ਕਿਹਾ ਕਿ ਈਰਾਨ ਦੇ ਊਰਜਾ ਢਾਂਚੇ ’ਤੇ ਹੋਏ ਹਮਲੇ ਇਹ ਸਾਬਤ ਕਰਦੇ ਹਨ ਕਿ ਉੱਤਰੀ ਕੋਰੀਆ ਦਾ ਪਰਮਾਣੂ ਸ਼ਕਤੀ ਬਣਨ ਦਾ ਫੈਸਲਾ ਸੌ ਫੀਸਦੀ ਸਹੀ ਸੀ।

ਤਾਕਤ ਨਾਲ ਹੀ ਮਿਲਦੀ ਹੈ ਸੁਰੱਖਿਆ

ਸੰਸਦ ਵਿੱਚ ਦਿੱਤੇ ਆਪਣੇ ਲੰਬੇ ਭਾਸ਼ਣ ਦੌਰਾਨ ਕਿਮ ਨੇ ਕਿਹਾ ਕਿ ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਹੀ ਜੰਗ ਇਹ ਦਿਖਾਉਂਦੀ ਹੈ ਕਿ ਅੱਜ ਦੀ ਦੁਨੀਆ ਵਿੱਚ ਸਿਰਫ਼ ਮਜ਼ਬੂਤ ਫ਼ੌਜੀ ਤਾਕਤ ਹੀ ਕਿਸੇ ਦੇਸ਼ ਦੀ ਹੋਂਦ ਨੂੰ ਸੁਰੱਖਿਅਤ ਰੱਖ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਤਰੀ ਕੋਰੀਆ ਆਪਣੀ ਪਰਮਾਣੂ ਤਾਕਤ ਨੂੰ ਹੋਰ ਮਜ਼ਬੂਤ ਕਰੇਗਾ ਤਾਂ ਜੋ ਅਮਰੀਕਾ ਦੇ ਕਿਸੇ ਵੀ ਹਮਲੇ ਨੂੰ ਰੋਕਿਆ ਜਾ ਸਕੇ।

ਕਿਮ ਨੇ ਕਿਹਾ ਕਿ 2019 ਵਿੱਚ ਡੋਨਾਲਡ ਟ੍ਰੰਪ ਨਾਲ ਗੱਲਬਾਤ ਅਸਫ਼ਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ਦਾ ਜੋ ਕਦਮ ਚੁੱਕਿਆ ਸੀ, ਉਹ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉੱਤਰੀ ਕੋਰੀਆ ਅਮਰੀਕਾ ਵਿਰੁੱਧ ਬਣ ਰਹੇ ਵਿਸ਼ਵ ਪੱਧਰੀ ਮੋਰਚੇ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਏਗਾ।