Punjab

ਦਿਨ-ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ

ਬੀਤੇ ਦਿਨੀਂ ਆਪਸੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ  ਦਿਨ-ਦਿਹਾੜੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸੰਗਤ ਮੰਡੀ ’ਚ ਬੀਤੇ ਦਿਨ ਦੁਪਹਿਰ ਵੇਲੇ ਘਰ ਦੇ ਬੰਦ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਉਸ ਸਮੇਂ ਗੋਲ਼ੀ ਚਲਾ ਦਿੱਤੀ ਗਈ ਜਦੋਂ ਉਹ ਉੱਥੇ ਮੌਜੂਦ ਕੁਝ ਨੌਜਵਾਨਾਂ ਨੂੰ ਉਹ ਬਾਹਰ ਕੱਢਣ ਲਈ ਘਰ ਦੇ ਮਾਲਕ ‘ਤੇ ਦਬਾਅ ਪਾ ਰਹੇ ਸਨ।

ਉਹ ਜਿਸ ਨੌਜਵਾਨ ਦੀ ਭਾਲ ਲਈ ਇਥੇ ਆਏ ਸਨ ਉਹ ਘਰ ਦੀ ਪਿਛਲੀ ਕੰਧ ਟੱਪ ਕੇ ਫ਼ਰਾਰ ਹੋ ਗਿਆ ਪਰ ਗੁੱਸੇ ‘ਚ ਆਏ ਨੌਜਵਾਨਾਂ ਵੱਲੋਂ ਘਰ ਦੇ ਜੰਗਲੇ ਦੀ ਜਾਲੀ ਵਿੱਚੋਂ ਫ਼ਾਇਰ ਕਰ ਕੇ ਘਰ ਦੇ ਮਾਲਕ ਸੂਰਜ ਰਾਮ ਉਰਫ਼ ਕਾਲਾ (37) ਪੁੱਤਰ ਲੱਛੂ ਰਾਮ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਤੇ ਫ਼ਰਾਰ ਹੋ ਗਏ।

ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਭਾਟੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਗੰਭੀਰ ਜ਼ਖ਼ਮੀ ਸੂਰਜ ਰਾਮ ਨੂੰ ਬਠਿੰਡਾ ਦੇ ਹਸਪਤਾਲ ਸਰਕਾਰੀ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਪਰੰਤ ਐੱਸ.ਪੀ.(ਡੀ) ਬਠਿੰਡਾ ਅਜੈ ਗਾਂਧੀ ਅਤੇ ਡੀਐੱਸਪੀ ਮਨਜੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਸਰਿਤਾ ਦੇ ਬਿਆਨ ਦਰਜ ਕੀਤੇ।

ਇਸ ਮੌਕੇ ਐੱਸਪੀ ਨੇ ਦੱਸਿਆ ਕਿ ਘਟਨਾ ‘ਚ ਵਰਤੀ ਕਾਰ ਅਤੇ ਚਾਰ ਵਿਅਕਤੀਆਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਨਾਜਾਇਜ਼ ਹਥਿਆਰ ਵਰਤੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ।