ਦਿੱਲੀ : ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗੀ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਿਵ-ਇਨ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਢਾਬੇ ਦੇ ਫਰਿੱਜ ‘ਚ ਰੱਖ ਦਿੱਤਾ। ਵਾਰਦਾਤ ਤੋਂ ਅਗਲੇ ਦਿਨ ਉਸ ਨੇ ਦੂਜੀ ਕੁੜੀ ਨਾਲ ਵਿਆਹ ਵੀ ਕਰ ਲਿਆ। ਨਿੱਕੀ ਯਾਦਵ ਦੇ ਲਾਪਤਾ ਹੋਣ ਅਤੇ ਹੱਤਿਆ ਦੇ ਖ਼ਦਸ਼ੇ ਦੀ ਸੂਚਨਾ ਕ੍ਰਾਈਮ ਬ੍ਰਾਂਚ ਨੂੰ ਮਿਲਣ ’ਤੇ ਪੁਲਿਸ ਨੇ ਛਾਣਬੀਣ ਤੋਂ ਬਾਅਦ ਮੰਗਲਵਾਰ ਸਵੇਰੇ ਮੁਲਜ਼ਮ ਸਾਹਿਲ ਗਹਿਲੋਤ ਨੂੰ ਮਿਤਰਾਊਂ ਤੋਂ ਦਬੋਚ ਲਿਆ। ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਢਾਬੇ ਦੀ ਫਰਿੱਜ ’ਚੋਂ ਨਿੱਕੀ ਦੀ ਲਾਸ਼ ਬਰਾਮਦ ਕਰ ਲਈ ਹੈ। ਨਿੱਕੀ ਮੂਲ ਤੌਰ ’ਤੇ ਹਰਿਆਣਾ ਦੇ ਝੱਜਰ ਦੇ ਪਿੰਡ ਖੇੜੀ ਖੁਮਾਰ ਦੀ ਰਹਿਣ ਵਾਲੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਨਜ਼ਫਗੜ੍ਹ ਦੇ ਨੇੜੇ ਬਾਹਰੀ ਦਿੱਲੀ ਦੇ ਮਿੱਤਰਾਂ ਪਿੰਡ ਵਿੱਚ ਫਰਿੱਜ ਵਿੱਚ ਭਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇਹ ਅਪਰਾਧ ਇਸ ਲਈ ਕੀਤਾ ਹੈ ਕਿਉਂਕਿ ਔਰਤ, ਜੋ ਪਿਛਲੇ ਪੰਜ ਸਾਲਾਂ ਤੋਂ ਉਸ ਦੇ ਨਾਲ ਰਹਿ ਰਹੀ ਸੀ, ਉਸ ‘ਤੇ ਉਸ ਨਾਲ ਵਿਆਹ ਕਰਨ ਲਈ ਦਬਾਅ ਪਾ ਰਹੀ ਸੀ, ਪਰ ਉਸ ਦੇ ਪਰਿਵਾਰ ਨੇ ਉਸ ਨੂੰ ਹੋਰ ਮਿਲਾ ਲਿਆ ਸੀ।
ਕ੍ਰਾਈਮ ਬ੍ਰਾਂਚ ਦੇ ਵਿਸ਼ੇਸ਼ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਅਨੁਸਾਰ ਸਾਹਿਲ ਉੱਤਮ ਨਗਰ ਸਥਿਤ ਕੋਚਿੰਗ ’ਚ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ ਜਦਕਿ ਨਿੱਕੀ ਜਨਕਪੁਰੀ ’ਚ ਕੋਚਿੰਗ ਸੰਸਥਾ ’ਚ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਅਕਸਰ ਕੋਚਿੰਗ ਜਾਂਦੇ ਸਮੇਂ ਇਕ ਹੀ ਬੱਸ ’ਚ ਜਾਣ ਕਾਰਨ ਦੋਵਾਂ ’ਚ ਦੋਸਤੀ ਹੋ ਗਈ ਤੇ ਉਹ ਇਕ-ਦੂਜੇ ਨਾਲ ਮਿਲਣ ਲੱਗੇ।
2018 ’ਚ ਗ੍ਰੇਟਰ ਨੋਇਡਾ ਦੇ ਗਲਗੋਟੀਆ ਕਾਲਜ ’ਚ ਸਾਹਿਲ ਨੇ ਬੀਫਾਰਮਾ ਤੇ ਨਿੱਕੀ ਨੇ ਬੀਏ ਅੰਗਰੇਜ਼ੀ ਆਨਰਜ਼ ’ਚ ਦਾਖ਼ਲਾ ਲਿਆ ਤੇ ਦੋਵੇਂ ਗ੍ਰੇਟਰ ਨੋਇਡਾ ’ਚ ਲਿਵ-ਇਨ ’ਚ ਰਹਿਣ ਲੱਗੇ। ਇਸ ਦੌਰਾਨ ਦੋਵੇਂ ਕਈ ਵਾਰ ਦੇਹਰਾਦੂਨ, ਮਨਾਲੀ, ਰਿਸ਼ੀਕੇਸ਼ ਸਮੇਤ ਕਈ ਹੋਰ ਥਾਵਾਂ ’ਤੇ ਘੁੰਮਣ ਗਏ। ਲਾਕਡਾਊਨ ਦੌਰਾਨ ਦੋਵੇਂ ਆਪੋ-ਆਪਣੇ ਘਰ ਚਲੇ ਗਏ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਦੋਵੇਂ ਫਿਰ ਦਿੱਲੀ ਪਰਤੇ ਅਤੇ ਦੁਆਰਕਾ ’ਚ ਇਕੱਠੇ ਰਹਿਣ ਲੱਗੇ। ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਰਿਸ਼ਤੇ ਬਾਰੇ ਪਤਾ ਨਹੀਂ ਸੀ। ਸਾਹਿਲ ਦੇ ਪਰਿਵਾਰ ਵਾਲਿਆਂ ਨੇ ਦਸੰਬਰ ’ਚ ਉਸ ਦਾ ਵਿਆਹ ਤੈਅ ਕਰ ਦਿੱਤਾ ਸੀ। 9 ਫਰਵਰੀ ਨੂੰ ਉਸ ਦੀ ਮੰਗਣੀ ਅਤੇ 10 ਫਰਵਰੀ ਨੂੰ ਵਿਆਹ ਹੋ ਗਿਆ।
ਕੁਝ ਦਿਨ ਪਹਿਲਾਂ ਨਿੱਕੀ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਸਾਹਿਲ ਦਾ 10 ਫਰਵਰੀ ਨੂੰ ਵਿਆਹ ਹੈ। ਉਦੋਂ ਤੋਂ ਉਹ ਪਰੇਸ਼ਾਨ ਰਹਿਣ ਲੱਗੀ। ਉਹ ਕੁਝ ਸਮੇਂ ਤੋਂ ਇਕੱਲੀ ਰਹਿ ਰਹੀ ਸੀ ਤੇ ਸਾਹਿਲ ਉੱਥੇ ਆਉਂਦਾ-ਜਾਂਦਾ ਸੀ। ਇਸ ਦੌਰਾਨ ਉਸ ਨੇ ਸਾਹਿਲ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮੰਗਣੀ ਵਾਲੇ ਦਿਨ ਯਾਨੀ 9 ਫਰਵਰੀ ਦੀ ਸ਼ਾਮ ਸਾਹਿਲ ਨਿੱਕੀ ਨੂੰ ਲੈ ਕੇ ਕਾਰ ’ਤੇ ਘੁੰਮਣ ਨਿਕਲ ਗਿਆ। ਕਈ ਜਗ੍ਹਾ ਘੁੰਮਣ ਤੋਂ ਬਾਅਦ ਦੋਵੇਂ ਕਸ਼ਮੀਰੀ ਗੇਟ ਪਹੁੰਚੇ।
ਦੇਰ ਰਾਤ ਘੁੰਮਣ ਦੌਰਾਨ ਸਾਹਿਲ ਨੇ ਕਾਰ ’ਚ ਹੀ ਮੋਬਾਈਲ ਫੋਨ ਦੀ ਡਾਟਾ ਕੇਬਲ ਨਾਲ ਗਲ ਘੁੱਟ ਕੇ ਨਿੱਕੀ ਦੀ ਹੱਤਿਆ ਕਰ ਦਿੱਤੀ। ਲਾਸ਼ ਨੂੰ ਲੈ ਕੇ ਉਹ ਮਿਤਰਾਊਂ ਪਿੰਡ ਪਹੁੰਚਿਆ, ਜਿੱਥੇ ਖ਼ਾਲੀ ਪਲਾਟ ’ਚ ਉਸ ਦਾ ਢਾਬਾ ਹੈ। ਉਸ ਨੇ ਢਾਬੇ ’ਚ ਰੱਖੀ ਫਰਿੱਜ ਨੂੰ ਖ਼ਾਲੀ ਕਰ ਕੇ ਉਸ ’ਚ ਲਾਸ਼ ਲੁਕੋ ਦਿੱਤੀ। ਉਸ ਨੇ ਢਾਬੇ ਨੂੰ ਬਾਹਰੋਂ ਤਾਲਾ ਲਾ ਕੇ ਚਾਬੀ ਆਪਣੇ ਕੋਲ ਰੱਖ ਲਈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।