ਬਿਹਾਰ ਦੇ ਕੈਮੂਰ ਜ਼ਿਲੇ ‘ਚ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗਾਰਡ ਦੀ ਹੱਤਿਆ ਕਰਕੇ ਬੈਂਕ ਦੀ ਕੈਸ਼ ਵੈਨ ‘ਚੋਂ 15 ਲੱਖ ਰੁਪਏ ਲੁੱਟ ਲਏ। ਲੁੱਟ-ਖੋਹ ਅਤੇ ਕਤਲ ਦੀ ਇਸ ਘਟਨਾ ਦੌਰਾਨ ਅਪਰਾਧੀਆਂ ਨੇ ਦੋ ਗਾਰਡਾਂ ਤੋਂ ਉਨ੍ਹਾਂ ਦੀ ਬੰਦੂਕ ਵੀ ਖੋਹ ਲਈ।
ਭਭੁਆ ਦੇ ਪੂਰਬ ਦੇ ਪੋਖਰਾ ਵਿੱਚ, ਅਣਪਛਾਤੇ ਅਪਰਾਧੀਆਂ ਨੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਏਟੀਐਮ ਗਾਰਡ ਨੂੰ ਗੋਲੀ ਮਾਰ ਕੇ ਕੈਸ਼ ਵੈਨ ਅਤੇ ਏਟੀਐਮ ਵਿੱਚੋਂ ਨਕਦੀ ਲੁੱਟ ਲਈ। ਗੋਲੀ ਲੱਗਣ ਕਾਰਨ ਏਟੀਐਮ ਗਾਰਡ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਗਾਰਡ ਭਾਨੂ ਕੁਮਾਰ ਚੌਬੇ ਬੇਲਾਵਨ ਥਾਣਾ ਖੇਤਰ ਦੇ ਕਟੜਾ ਪਿੰਡ ਵਾਸੀ ਮਰਹੂਮ ਬੱਬਨ ਚੌਬੇ ਦਾ ਪੁੱਤਰ ਸੀ। ਉਸ ਦੇ ਨਾਲ ਇਕ ਹੋਰ ਗਾਰਡ ਸੀ ਜਿਸ ਦਾ ਨਾਂ ਫਿਰੋਜ਼ ਅੰਸਾਰੀ ਦੱਸਿਆ ਗਿਆ ਹੈ। ਫਿਰੋਜ਼ ਅੰਸਾਰੀ ਨੇ ਦੱਸਿਆ ਕਿ ਉਹ ਪੀਐਨਬੀ ਬੈਂਕ ਦੀ ਕੈਸ਼ ਵੈਨ ਤੋਂ ਪੈਸੇ ਲੈ ਕੇ ਏਟੀਐਮ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਪੁਰਬ ਪੋਖਰਾ ਆਇਆ ਸੀ। ਜਿਵੇਂ ਹੀ ਉਹ ਕੈਸ਼ ਵੈਨ ‘ਚੋਂ ਪੈਸਿਆਂ ਵਾਲਾ ਬੈਗ ਕੱਢ ਕੇ ਏ.ਟੀ.ਐੱਮ ਮਸ਼ੀਨ ‘ਚ ਪਾਉਣ ਗਿਆ ਤਾਂ ਪਿੱਛੇ ਪਹਿਲਾਂ ਤੋਂ ਖੜ੍ਹੇ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਕਾਰਨ ਇਕ ਗਾਰਡ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਗਾਰਡ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਗਾਰਡ ਫਿਰੋਜ਼ ਅੰਸਾਰੀ ਨੇ ਦੱਸਿਆ ਕਿ ਦੋਵਾਂ ਗਾਰਡਾਂ ਦੀ ਬੰਦੂਕ ਵੀ ਦੋਸ਼ੀਆਂ ਵੱਲੋਂ ਲੁੱਟ ਲਈ ਗਈ ਅਤੇ ਮੌਕੇ ਤੋਂ ਪੈਸੇ ਲੈ ਕੇ ਵੀ ਅਪਰਾਧੀ ਫਰਾਰ ਹੋ ਗਏ।
ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਦਿੰਦੇ ਹੋਏ ਕੈਮੂਰ ਦੇ ਐੱਸਪੀ ਲਲਿਤ ਮੋਹਨ ਸ਼ਰਮਾ ਨੇ ਦੱਸਿਆ ਕਿ ਅਪਰਾਧੀ ਪਿੱਛੇ ਤੋਂ ਆਏ ਅਤੇ ਅੱਖਾਂ ‘ਚ ਮਿਰਚ ਪਾਊਡਰ ਪਾ ਕੇ ਏਟੀਐੱਮ ‘ਚੋਂ ਪੈਸੇ ਲੁੱਟ ਕੇ ਫਰਾਰ ਹੋ ਗਏ। ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ, ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।