ਬਿਊਰੋ ਰਿਪੋਰਟ : ਅਫਸਰਸ਼ਾਹੀ ਹਮੇਸ਼ਾ ਦੀ ਸਿਆਸੀ ਦਖਲ ਅੰਦਾਜ਼ੀ ਅਤੇ ਦਬਦਬੇ ਦਾ ਸ਼ਿਕਾਰ ਹੁੰਦੀ ਆਈ ਹੈ। ਭਾਵੇ ਉਹ ਅਕਾਲੀ ਦਲ ਜਾਂ ਫਿਰ ਕਾਂਗਰਸ ਦੀ ਸਰਕਾਰ ਰਹੀ ਹੋਵੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਵਿਧਾਇਕਾਂ ਨਾਲ ਜਦੋਂ ਮੀਟਿੰਗ ਕੀਤੀ ਸੀ ਤਾਂ ਇਸ ਕਲਚਰ ਨੂੰ ਖ਼ਤਮ ਕਰਨ ਦੀ ਨਸੀਅਤ ਦਿੱਤੀ ਸੀ । ਪਰ ਲੱਗ ਦਾ ਹੈ ਕਿ ਵਿਧਾਇਕਾਂ ਅਤੇ ਉਨ੍ਹਾਂ ਦੇ ਹਿਮਾਇਤਿਆਂ ‘ਤੇ ਇਸ ਦਾ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਹੈ । ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਦੇ ਇੱਕ ਨਜ਼ਦੀਕੀ ਗੁਰੂ ਸਾਹਿਬ ਰਾਜੋਕੇ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਕੇ ਅਫਸਰਾਂ ਨੂੰ ਸਿੱਧੀ ਧਮਕੀ ਦਿੱਤੀ ਹੈ ।
ਰਾਜੋਕੇ ਆਪਣੇ ਆਪ ਨੂੰ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਭਰਾ ਦੱਸ ਰਿਹਾ ਹੈ ਅਤੇ ਅਫਸਰਾਂ ਨੂੰ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਸਾਡੇ ਕੰਮ ਨਹੀਂ ਕੀਤੇ ਤਾਂ ਨੰਗਾ ਕਰਕੇ ਕੁੱਟਾਂਗੇ, ਗੁਰੂ ਸਾਹਿਬ ਰਾਜੋਕੇ ਅੱਗੇ ਕਹਿੰਦਾ ਹੈ ਕਿ ਵਿਧਾਇਕ ਸਰਵਨ ਸਿੰਘ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਾਂਗ ਉਨ੍ਹਾਂ ਨੂੰ ਧਮਕਾਉਂਦਾ ਨਹੀਂ ਹੈ ਇਸ ਲਈ ਉਹ ਸਾਡਾ ਕੰਮ ਨਹੀਂ ਕਰਦੇ ਹਨ। ਰਾਜੋਕੇ ਨੇ ਕਿਹਾ ਜੇਕਰ ਇੱਕ ਹਫ਼ਤੇ ਦੇ ਅੰਦਰ ਅਫਸਰਾਂ ਦੇ ਸਾਡਾ ਕੰਮ ਨਹੀਂ ਕੀਤਾ ਤਾਂ ਉਹ ਨੰਗਾ ਕਰਕੇ ਉਨ੍ਹਾਂ ਨੂੰ ਕੁੱਟਾਂਗੇਗਾ। ਆਪ ਵਰਕਰ ਗੁਰੂ ਸਾਹਿਬ ਰਾਜੋਕੇ ਦੇ ਇਸ ਬਿਆਨ ‘ਤੇ ਹੁਣ ਵਿਧਾਇਕ ਸਰਵਨ ਸਿੰਘ ਧੁੰਨ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਵਿਧਾਇਕ ਸਰਵਨ ਸਿੰਘ ਧੁੰਨ ਦੀ ਸਫਾਈ
ਖੇਮ ਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਨੇ ਆਪ ਵਰਕਰ ਗੁਰੂ ਸਾਹਿਬ ਰਾਜੋਕੇ ਦੀ ਧਮਕੀ ‘ਤੇ ਜਵਾਬ ਦਿੱਤਾ ਹੈ । ਉਨ੍ਹਾਂ ਕਿਹਾ ਰਾਜੋਕੇ ਮਾਨਸਿਕ ਤੌਰ ‘ਤੇ ਬਿਮਾਰੀ ਹੈ ਅਤੇ ਸ਼ਰਾਬ ਦਾ ਆਦੀ ਹੈ । ਉਨ੍ਹਾਂ ਨੇ ਸਾਫ ਕੀਤਾ ਕਿ ਉਹ ਰਾਜੋਕੇ ਨੂੰ ਜ਼ਰੂਰ ਜਾਣ ਹੈ ਪਰ ਉਸ ਦੀ ਧਮਕੀ ਦਾ ਸਮਰਥਨ ਨਹੀਂ ਕਰਦੇ ਹਨ। ਵਿਧਾਇਕ ਨੇ ਕਿਹਾ ਉਨ੍ਹਾਂ ਨੇ ਰਾਜੋਕੇ ਦੇ ਪਰਿਵਾਰ ਨੂੰ ਵੀ ਕਈ ਵਾਰ ਕਿਹਾ ਹੈ ਉਸ ਦਾ ਇਲਾਜ ਕਰਵਾਇਆ ਜਾਵੇ। ਸਰਵਨ ਸਿੰਘ ਨੇ ਆਪਣੇ ਇਲਾਕੇ ਦੇ ਅਫਸਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਫਸਰਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਧਰ ਖੇਮਕਰਨ ਤੋਂ ਸਾਬਕਾ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਮੌਜੂਦਾ ਵਿਧਾਇਕ ਸਰਵਨ ਸਿੰਘ ਨੂੰ ਰਾਜੋਕੇ ਦੇ ਬਿਆਨ ‘ਤੇ ਘੇਰ ਰਹੇ ਹਨ ।
ਅਕਾਲੀ ਦਲ ਦਾ ਇਲਜ਼ਾਮ
ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਦਾਅਵਾ ਹੈ ਕਿ ਗੁਰੂ ਸਾਹਿਬ ਰਾਜੋਕੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਨਜ਼ਦੀਕੀ ਸਾਥੀ ਹੈ। ਅਪ੍ਰੈਲ 2021 ਵਿੱਚ ਰਾਘਵ ਚੱਢਾ ਨੇ ਹੀ ਸਰਵਨ ਸਿੰਘ ਧੁੰਨ ਦੇ ਨਾਲ ਗੁਰੂ ਸਾਹਿਬ ਰਾਜੋਕੇ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ । ਵਲਟੋਹਾ ਨੇ ਮੰਗ ਕੀਤੀ ਅਫਸਰਾਂ ਨੂੰ ਧਮਕਾਉਣ ‘ਤੇ ਗੁਰੂ ਸਾਹਿਬ ਰਾਜੋਕੇ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ ।