India Lok Sabha Election 2024

ਖੜਗੇ ਵੱਲੋਂ ਪਾਰਟੀਆਂ ਨੂੰ ‘ਇੰਡੀਆ’ ’ਚ ਸ਼ਾਮਲ ਹੋਣ ਦਾ ਸੱਦਾ, ਚੋਣ ਫ਼ਤਵਾ ਮੋਦੀ ਸਰਕਾਰ ਖ਼ਿਲਾਫ਼ ਹੋਣ ਦਾ ਕੀਤਾ ਦਾਅਵਾ

ਦਿੱਲੀ : ਇੰਡੀਆ ਗਠਜੋੜ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ‘ਇੰਡੀਆ’ ਗੱਠਜੋੜ ’ਚ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਹੈ ਜੋ ਸੰਵਿਧਾਨ ਦੀ ਪ੍ਰਸਤਾਵਨਾ ’ਚ ਵਿਸ਼ਵਾਸ ਰੱਖਦੀਆਂ ਹਨ ਅਤੇ ਇਸ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਨਿਆਂ ਦੇ ਉਦੇਸ਼ਾਂ ਨੂੰ ਲੈ ਕੇ ਵਚਨਬੱਧ ਹਨ।

ਲੋਕ ਸਭਾ ਚੋਣਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਮਗਰੋਂ ‘ਇੰਡੀਆ’ ਗੱਠਜੋੜ ਦੀ ਅੱਜ ਇਥੇ ਪਹਿਲੀ ਮੀਟਿੰਗ ਹੋਈ ਤਾਂ ਜੋ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਫ਼ਤਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਹੈ ਪਰ ਉਹ ਇਸ ਨੂੰ ਨਕਾਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰੇਗਾ ਅਤੇ ਉਸ ਵੱਲੋਂ ਸਹੀ ਸਮੇਂ ਦੀ ਉਡੀਕ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੇ ਫਾਸ਼ੀਵਾਦ ਰਾਜ ਖ਼ਿਲਾਫ਼ ਲੜਾਈ ਜਾਰੀ ਰਖੇਗਾ। ਖੜਗੇ ਨੇ ਕਿਹਾ ਕਿ ਗੱਠਜੋੜ ਰਲ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਉਨ੍ਹਾਂ ਚੋਣ ਨਤੀਜੇ ਭਾਜਪਾ ਅਤੇ ਉਸ ਦੀ ਨਫ਼ਰਤ ਦੀ ਸਿਆਸਤ ਨੂੰ ਕਰਾਰਾ ਜਵਾਬ ਕਰਾਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਫ਼ਤਵਾ ਮਹਿੰਗਾਈ, ਬੇਰੁਜ਼ਗਾਰੀ, ਪੂੰਜੀਵਾਦ ਖ਼ਿਲਾਫ਼ ਅਤੇ ਲੋਕਤੰਤਰ ਤੇ ਸੰਵਿਧਾਨ ਬਚਾਉਣ ਦਾ ਹੈ।

18ਵੀਆਂ ਲੋਕ ਸਭਾ ਚੋਣਾਂ ਪੀ.ਐਮ ਮੋਦੀ ਦੀ ਨੈਤਿਕ ਹਾਰ 

ਖੜਗੇ ਨੇ ਕਿਹਾ, 18ਵੀਆਂ ਲੋਕ ਸਭਾ ਚੋਣਾਂ ਦੀ ਜਨਤਾ ਦੀ ਰਾਏ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੈ। ਚੋਣ ਉਨ੍ਹਾਂ ਦੇ ਨਾਮ ਅਤੇ ਚਿਹਰੇ ‘ਤੇ ਲੜੀ ਗਈ ਅਤੇ ਭਾਜਪਾ ਨੂੰ ਬਹੁਮਤ ਨਾ ਦੇ ਕੇ ਜਨਤਾ ਨੇ ਉਨ੍ਹਾਂ ਦੀ ਲੀਡਰਸ਼ਿਪ ਬਾਰੇ ਸਪੱਸ਼ਟ ਸੰਦੇਸ਼ ਦਿੱਤਾ ਹੈ। ਕਾਂਗਰਸ ਪ੍ਰਧਾਨ ਮੁਤਾਬਕ ਇਹ ਨਰਿੰਦਰ ਮੋਦੀ ਦੀ ਨਿੱਜੀ ਤੌਰ ‘ਤੇ ਸਿਆਸੀ ਹਾਰ ਹੀ ਨਹੀਂ, ਸਗੋਂ ਨੈਤਿਕ ਹਾਰ ਵੀ ਹੈ।

ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਦੀਆਂ ਆਦਤਾਂ ਤੋਂ ਜਾਣੂ ਹਾਂ: ਖੜਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਦੇ ਹੋਏ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੀਆਂ ਆਦਤਾਂ ਤੋਂ ਜਾਣੂ ਹਾਂ। ਉਹ ਇਸ ਜਨਤਕ ਰਾਏ ਨੂੰ ਨਕਾਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਖੜਗੇ ਨੇ ਕਿਹਾ, ਅਸੀਂ ਇੱਥੋਂ ਇਹ ਸੰਦੇਸ਼ ਵੀ ਦਿੰਦੇ ਹਾਂ ਕਿ ‘ਇੰਡੀਆ’ ਗਠਜੋੜ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਸੁਆਗਤ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੇ ਉਦੇਸ਼ਾਂ ਲਈ ਵਚਨਬੱਧ ਹਨ।

ਅਸੀਂ ਇਕਜੁੱਟ ਹੋ ਕੇ ਲੜੇ: ਖੜਗੇ

ਦਿੱਲੀ ‘ਚ ਇੰਡੀਆ ਅਲਾਇੰਸ ਦੇ ਨੇਤਾਵਾਂ ਦੀ ਬੈਠਕ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਅਸੀਂ ਚੰਗੀ ਤਰ੍ਹਾਂ ਲੜੇ, ਇਕਜੁੱਟ ਹੋ ਕੇ ਲੜੇ, ਮਜ਼ਬੂਤੀ ਨਾਲ ਲੜੇ। ਇੰਡੀਆ ਅਲਾਇੰਸ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸੁਆਗਤ ਕਰਦਾ ਹੈ ਜੋ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਲਈ ਇਸ ਦੇ ਕਈ ਉਪਬੰਧਾਂ ਵਿੱਚ ਦਰਜ ਮੁੱਲਾਂ ਪ੍ਰਤੀ ਆਪਣੀ ਬੁਨਿਆਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਨ।