Punjab

ਖੰਨਾ ਵਿੱਚ 25 ਕੁੱਤਿਆਂ ਨਾਲ ਕਰ ਦਿੱਤਾ ਇਹ ਮਾੜਾ ਕਾਰਾ !ਪੁਲਿਸ ਨੂੰ ਇਹ ਸ਼ੱਕ !

ਖੰਨਾ : ਸ਼ਹਿਰ ਵਿੱਚ ਇਨਸਾਨ ਨੇ ਜਾਨਵਰ ਵਰਗੀ ਹਰਕਤ ਕੀਤੀ ਹੈ ਅਤੇ ਉਸ ਦੀ ਕਰਤੂਤ ਨੇ ਕੁੱਤਿਆਂ ‘ਤੇ ਕਹਿਰ ਵਰਾਇਆ। ਮਿੱਠੇ ਜ਼ਹਿਰ ਦੇ ਝਾਂਸੇ ਵਿੱਚ 25 ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਖੰਨਾ ਦੇ ਕੇਹਰ ਸਿੰਘ ਕਾਲੌਨੀ ਦੀ ਹੈ, ਜਿੱਥੇ ਇਹ ਹਰਕਤ ਸਾਹਮਣੇ ਆਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਇਹ ਹਰਕਤ ਕਰਨ ਵਾਲਾ ਕੌਣ ਹੈ ? ਕੀ ਕੁੱਤਿਆਂ ਤੋਂ ਪਰੇਸ਼ਾਨ ਹੋ ਕੇ ਕਿਸੇ ਨੇ ਉਨ੍ਹਾਂ ਨੂੰ ਜ਼ਹਿਰ ਦੇ ਦਿੱਤਾ ਜਾਂ ਫਿਰ ਕਿਸੇ ਚੋਰ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਕਾਰਾ ਕੀਤਾ ਹੈ ?

ਇਲਾਕੇ ਦੇ ਲੋਕਾਂ ਬਿਆਨ

ਕੇਹਰ ਸਿੰਘ ਕਾਲੌਨੀ ਨੇ ਲੋਕਾਂ ਦਾ ਕਹਿਣਾ ਹੈ ਇਲਾਕੇ ਦੀਆਂ ਚਾਰ ਗਲੀਆਂ ਵਿੱਚ 25 ਤੋਂ 30 ਕੁੱਤੇ ਸਨ । ਜਦੋਂ ਉਹ ਸਵੇਰੇ ਉੱਠੇ ਤਾਂ ਕੁਝ ਕੁੱਤੇ ਤੜਫ਼ ਰਹੇ ਸਨ ਤਾਂ ਕਈਆਂ ਦੀ ਮੌਤ ਹੋ ਚੁੱਕੀ ਸੀ। ਮਰਨ ਤੋਂ ਪਹਿਲਾਂ ਸਾਰੇ ਕੁੱਤਿਆਂ ਨੇ ਉਲਟੀ ਕੀਤੀ ਸੀ ਅਤੇ ਜ਼ਿਆਦਾਤਰ ਕੁੱਤਿਆਂ ਦੇ ਮੂੰਹ ਵਿੱਚ ਲੱਡੂ ਵਰਗੀ ਕੋਈ ਚੀਜ਼ ਬਾਹਰ ਆਈ ਹੋਈ ਸੀ । ਅਜਿਹਾ ਲੱਗਦਾ ਸੀ ਕਿ ਜਿਵੇਂ ਕਿਸੇ ਨੇ ਲੱਡੂ ਵਿੱਚ ਜ਼ਹਿਰ ਪਾਕੇ ਦਿੱਤਾ ਹੋਵੇ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਵੀ ਖੰਗਾਲ ਰਹੀ ਹੈ ।

ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਪੁਲਿਸ ਨੇ ਦੱਸਿਆ ਕਿ ਹੁਣ ਤੱਕ ਸੀਸੀਟੀਵੀ ਵਿੱਚ ਕੋਈ ਸ਼ੱਕੀ ਸ਼ਖਸ ਨਜ਼ਰ ਨਹੀਂ ਆਇਆ ਹੈ । ਇਸ ਦੌਰਾਨ ਪੁਲਿਸ ਸਭ ਤੋਂ ਪਹਿਲਾਂ ਇਹ ਚੀਜ਼ ਪੁੱਖ਼ਤਾ ਕਰਨ ਵਿੱਚ ਜੁੱਟੀ ਹੈ ਕਿ ਕੁੱਤਿਆਂ ਦੀ ਮੌਤੇ ਦੇ ਪਿੱਛੇ ਕੀ ਸੱਚੀਓਂ ਹੀ ਲੱਡੂ ਹੈ ? ਜਿਸ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਗਿਆ ਹੋਵੇ ? ਜਾਂ ਫਿਰ ਕਿਸੇ ਹੋਰ ਚੀਜ਼ ਵਿੱਚ ਜ਼ਹਿਰ ਪਾਕੇ ਦਿੱਤਾ ਗਿਆ ਹੋਵੇ। ਪੁਲਿਸ ਕੁੱਤਿਆਂ ਦਾ ਪੋਸਟਮਾਰਟਮ ਕਰਵਾ ਰਹੀ ਹੈ ਉਸ ਤੋਂ ਬਾਅਦ ਹੀ ਸਾਫ ਹੋ ਸਕੇਗਾ। ਵੈਸੇ ਕੁਝ ਲੋਕ ਇਸ ਦੇ ਪਿੱਛੇ ਚੋਰਾਂ ਦੀ ਹਰਕਤ ਦੱਸ ਰਹੇ ਹਨ, ਕਿਉਂਕਿ ਗਲੀ ਵਿੱਚ ਬਹੁਤ ਜ਼ਿਆਦਾ ਕੁੱਤੇ ਸਨ ਜਿਸ ਦੀ ਵਜ੍ਹਾ ਕਰਕੇ ਚੋਰਾਂ ਲਈ ਵਾਰਦਾਤ ਨੂੰ ਅੰਜਾਮ ਦੇਣਾ ਮੁਸ਼ਕਿਲ ਸੀ। ਕੁਝ ਦਾ ਕਹਿਣਾ ਹੈ ਕਿ ਜ਼ਿਆਦਾ ਕੁੱਤੇ ਹੋਣ ਦੀ ਵਜ੍ਹਾ ਕਰਕੇ ਲੋਕਾਂ ਦਾ ਗਲੀਆਂ ਤੋਂ ਲੱਗਣਾ ਮੁਸ਼ਕਿਲ ਸੀ। ਹੋ ਸਕਦਾ ਹੈ ਕਿਸੇ ਨੇ ਗੁੱਸੇ ਵਿੱਚ ਇਹ ਹਰਕਤ ਕੀਤੀ ਹੋਵੇ ਪਰ ਜੋ ਵੀ ਹੈ ਜਿਸ ਤਰ੍ਹਾਂ 25 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਕੁੱਤੇ ਨੂੰ ਸਭ ਤੋਂ ਵਫਾਦਾਰ ਅਤੇ ਘਰ ਦੀ ਰਖਵਾਲੀ ਲਈ ਭਰੋਸੇਮੰਦ ਜਾਨਵਰ ਕਿਹਾ ਜਾਂਦਾ ਹੈ। ਜੇਕਰ ਕਿਸੇ ਗਲੀ ਵਿੱਚ ਜ਼ਿਆਦਾ ਕੁੱਤਿਆਂ ਤੋਂ ਪਰੇਸ਼ਾਨੀ ਸੀ ਤਾਂ ਜਾਂ ਫਿਰ ਉਹ ਲੋਕਾਂ ਨੂੰ ਵੱਢ ਰਹੇ ਸਨ ਤਾਂ ਨਗਰ ਨਿਗਮ ਵਿੱਚ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ।