Khetibadi Punjab

ਹਰਿਆਣਾ ਪੁਲਿਸ ਅੱਜ ਸ਼ੰਭੂ-ਖਨੌਰੀ ਬਾਰਡਰ ਤੋਂ ਹਟਾਏਗੀ ਬੈਰੀਕੇਡਿੰਗ, ਕੱਲ੍ਹ ਪੰਜਾਬ ਪੁਲਿਸ ਨੇ ਕੀਤੀ ਸੀ ਕਾਰਵਾਈ

ਪੰਜਾਬ ਪੁਲਿਸ ਨੇ ਬੀਤੇ 13 ਮਹੀਨਿਆਂ ਤੋਂ ਬੰਦ ਹਰਿਆਣਾ-ਪੰਜਾਬ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਦਿੱਤਾ ਹੈ। ਐਮਐਸਪੀ ਸਣੇ ਕਈ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇਨ੍ਹਾਂ ਬਾਰਡਰਾਂ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਈਆਂ ਪਹਿਲਾਂ ਜੀਰਕਪੂਰ ਤੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਫਿਰ ਬਾਰਡਰਾਂ ਤੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ। ਪੁਲਿਸ ਨੇ ਕਿਸਾਨਾਂ ਵੱਲੋਂ ਬਣਾਏ ਗਏ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।ਇਸ ਦੌਰਾਨ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨ ਭੁੱਖ ਹੜਤਾਲ ‘ਤੇ ਚਲੇ ਗਏ ਹਨ। ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ, ਹਰਿਆਣਾ ਪੁਲਿਸ ਵੀ ਅੱਜ ਦੋਵਾਂ ਸਰਹੱਦਾਂ ‘ਤੇ ਪਹੁੰਚੇਗੀ, ਜਿਸ ਤੋਂ ਬਾਅਦ ਸੀਮਿੰਟ ਦੇ ਬੈਰੀਕੇਡ ਹਟਾ ਦਿੱਤੇ ਜਾਣਗੇ। ਇਸ ਤੋਂ ਬਾਅਦ, ਸ਼ੰਭੂ ਬਾਰਡਰ ਤੋਂ ਜੀ.ਟੀ. ਰੋਡ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।

ਕੇਂਦਰ ਨਾਲ ਕਿਸਾਨਾਂ ਦੀ 7ਵੇਂ ਗੇੜ ਦੀ ਮੀਟਿੰਗ ਬੇਸਿੱਟਾ

ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ 7ਵੇਂ ਗੇੜ ਦੀ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਮੀਟਿੰਗ ਤੋਂ ਬਾਹਰ ਆਏ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਪੰਧੇਰ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਜਗਜੀਤ ਡੱਲੇਵਾਲ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮਿਲੀ ਜਾਣਾਕੀਰ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਿਸਾਨ ਆਗੂਂ ਨੂੰ ਪੁਲਿਸ ਨੇ ਡਿਟੇਨ ਕੀਤਾ

ਮੀਟਿੰਗ ਵਿੱਚ ਕਿਸਾਨਾਂ ਨੂੰ ਸਰਹੱਦ ਖਾਲੀ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਮੀਟਿੰਗ ਤੋਂ ਵਾਪਸ ਆ ਰਹੇ ਸਰਵਣ ਪੰਧੇਰ ਨੂੰ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਪੁਲਿਸ ਨੇ ਘੇਰ ਲਿਆ। ਖਨੌਰੀ ਬਾਰਡ ਵੱਲ ਜਾ ਰਹੀ ਜਗਜੀਤ ਡੱਲੇਵਾਲ ਦੀ ਐਂਬੂਲੈਂਸ ਨੂੰ ਪੁਲਿਸ ਨੇ ਸੰਗਰੂਰ ਵਿੱਚ ਘੇਰਿਆ ਅਤੇ ਉਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ।

ਕਿਸਾਨ 13 ਫਰਵਰੀ, 2024 ਤੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ। 13 ਫਰਵਰੀ ਨੂੰ, ਜਦੋਂ ਉਹ ਦਿੱਲੀ ਜਾ ਰਹੇ ਸਨ, ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਬੈਰੀਕੇਡਿੰਗ ਕਰਕੇ ਰੋਕ ਲਿਆ। ਉਹ ਐਮਐਸਪੀ ਦੀ ਗਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਕਰ ਰਹੇ ਹਨ। ਪਹਿਲਾਂ, ਉਸਨੇ ਚਾਰ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਸ਼ੰਭੂ ਸਰਹੱਦ ਤੋਂ ਅੱਗੇ ਵਧਣ ਦੀ ਆਗਿਆ ਨਹੀਂ ਦਿੱਤੀ ਗਈ।