India Punjab

ਖ਼ਾਲਸਾ ਏਡ ਇੰਡੀਆ ਦੇ ਮੁਖੀ ਨੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ, ਰਵੀ ਸਿੰਘ ’ਤੇ ਲਾਏ ਗੰਭੀਰ ਇਲਜ਼ਾਮ

ਬਿਊਰੋ ਰਿਪੋਰਟ (12 ਨਵੰਬਰ, 2025): ਖ਼ਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ 4 ਸਾਥੀਆਂ ਸਮੇਤ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫ਼ੇ ਦਾ ਕਾਰਨ ਸੰਸਥਾ ਵਿੱਚ ਖਰਾਬ ਪ੍ਰਬੰਧਨ, ਪਾਰਦਰਸ਼ਤਾ ਦੀ ਕਮੀ ਅਤੇ ਯੂ.ਕੇ. ਹੈੱਡਕੁਆਰਟਰ ਦੀ ਦਖ਼ਲਅੰਦਾਜ਼ੀ ਦੱਸਿਆ ਹੈ।

ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਸਨ, ਪਰ ਹੁਣ ਖਾਲਸਾ ਏਡ ਦੇ ਅੰਦਰ ਵਿਗੜਦੇ ਹਾਲਾਤਾਂ ਕਾਰਨ ਉਹ ਕੰਮ ਜਾਰੀ ਨਹੀਂ ਰੱਖ ਸਕਦੇ।

ਉਨ੍ਹਾਂ ਦੱਸਿਆ ਕਿ 2023 ਵਿੱਚ ਪੁਰਾਣੀ ਟੀਮ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੇ ਆਪਰੇਸ਼ਨ ਲੀਡ ਦਾ ਕਾਰਜਭਾਰ ਸੰਭਾਲਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸੀ.ਈ.ਓ. ਨੇ ਭਾਰਤੀ ਟੀਮ ਦੇ ਅਧਿਕਾਰ ਖੋਹ ਲਏ ਅਤੇ ਭੁਗਤਾਨ ਰੋਕੇ ਗਏ।

ਦਵਿੰਦਰਜੀਤ ਸਿੰਘ ਨੇ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਵਿੱਚ ਰਾਹਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਮਜ਼ੋਰ ਪ੍ਰਬੰਧਨ ਅਤੇ ਯੂ.ਕੇ. ਤੋਂ ਜ਼ਿਆਦਾ ਕੰਟਰੋਲ ਕਾਰਨ ਲੋੜਵੰਦਾਂ ਤੱਕ ਸਹੀ ਸਹਾਇਤਾ ਨਹੀਂ ਪਹੁੰਚ ਸਕੀ। ਕਈ ਫੈਸਲਿਆਂ ਵਿੱਚ ਦੇਰੀ ਹੋਈ, ਸਪਲਾਇਰਾਂ ਅਤੇ ਵਲੰਟੀਅਰਾਂ ਦੇ ਭੁਗਤਾਨ ਰੋਕੇ ਗਏ, ਜਿਸ ਨਾਲ ਰਾਹਤ ਕਾਰਜਾਂ ਵਿੱਚ ਰੁਕਾਵਟ ਆਈ।

ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇ ਸੀ.ਈ.ਓ. ਰਵੀ ਸਿੰਘ ਨੇ ਪੰਜਾਬ ਵਿੱਚ ਚੱਲ ਰਹੇ ਕਾਰਜਾਂ ਵਿੱਚ ਗੈਰ-ਵਾਜਬ ਦਖਲਅੰਦਾਜ਼ੀ ਕੀਤੀ ਅਤੇ ਭਾਰਤੀ ਟੀਮ ਦੇ ਅਧਿਕਾਰ ਖੋਹੇ। ਉਨ੍ਹਾਂ ਮੁਤਾਬਕ ਸੰਸਥਾ ਦੇ ਸਾਰੇ ਵੱਡੇ ਫੈਸਲੇ ਵਿਦੇਸ਼ ਤੋਂ ਲਏ ਜਾਂਦੇ ਹਨ, ਜਿੱਥੋਂ ਦੇ ਲੋਕ ਜ਼ਮੀਨੀ ਹਕੀਕਤ ਤੋਂ ਅਣਜਾਣ ਹਨ।

ਸੰਗਤ ਦੇ ਦਾਨ ਦੀ ਦੁਰਵਰਤੋਂ ਦੇ ਇਲਜ਼ਾਮ

ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਸੰਗਠਨ ਦਾ ਢਾਂਚਾ ਪੂਰੀ ਤਰ੍ਹਾਂ ਇੱਕ ਵਿਅਕਤੀ ਦੇ ਕੰਟਰੋਲ ਵਿੱਚ ਆ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਰਵੀ ਸਿੰਘ ਦੀ ਮਾਈਕ੍ਰੋ ਮੈਨੇਜਮੈਂਟ ਦੀ ਆਦਤ ਨੇ ਇਸ ਸਾਲ ਰਾਹਤ ਸੇਵਾਵਾਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕੀਤਾ।

  • ਉਨ੍ਹਾਂ ਕਿਹਾ ਕਿ 2019 ਦੀ ਹੜ੍ਹ ਰਾਹਤ ਰਿਪੋਰਟ ਅੱਜ ਤੱਕ ਜਾਰੀ ਨਹੀਂ ਹੋਈ, ਜਦੋਂ ਅਮਰੀਕਾ, ਯੂ.ਕੇ. ਅਤੇ ਕੈਨੇਡਾ ਦੇ ਚੈਪਟਰਾਂ ਦਾ ਸਾਂਝਾ ਪੈਸਾ ਲੱਗਾ ਸੀ।
  • 24 ਹਜ਼ਾਰ ਖਾਦ ਦੇ ਬੈਗ ਖਰੀਦੇ ਗਏ, ਪਰ ਸਿਰਫ਼ 7 ਹਜ਼ਾਰ ਹੀ ਵੰਡੇ ਗਏ। ਦੋ ਹਜ਼ਾਰ ਵਾਟਰ ਪਿਊਰੀਫਾਇਰ ਵੀ ਅੱਜ ਤੱਕ ਗੋਦਾਮ ਵਿੱਚ ਪਏ ਹਨ। ਇਹ ਸੰਗਤ ਦੇ ਦਾਨ ਦੀ ਦੁਰਵਰਤੋਂ ਦੇ ਉਦਾਹਰਣ ਹਨ।
  • ਦਵਿੰਦਰਜੀਤ ਨੇ ਦੱਸਿਆ ਕਿ ਖਾਲਸਾ ਏਡ ਇੰਡੀਆ ਦਾ ਮੁੱਖ ਬੈਂਕ ਖਾਤਾ ਪਿਛਲੇ ਦੋ ਸਾਲਾਂ ਤੋਂ ਬੰਦ ਹੈ, ਜਿਸ ਕਾਰਨ ਭਾਰਤ ਵਿੱਚ ਚੱਲ ਰਹੇ ਸਿਹਤ ਅਤੇ ਸਿੱਖਿਆ ਪ੍ਰੋਜੈਕਟ ਠੱਪ ਹੋ ਗਏ ਹਨ, ਜਿਸ ਨਾਲ ਲੱਖਾਂ ਗਰੀਬ ਲੋਕ ਪ੍ਰਭਾਵਿਤ ਹੋ ਰਹੇ ਹਨ।

ਦਵਿੰਦਰਜੀਤ ਸਿੰਘ ਨੇ ਕਿਹਾ ਕਿ ਖਾਲਸਾ ਏਡ ਹੁਣ ਲੋਕ-ਭਲਾਈ ਦੀ ਬਜਾਏ ਨਿੱਜੀ ਅਕਸ ਪ੍ਰਚਾਰ ਦਾ ਮਾਧਿਅਮ ਬਣ ਗਿਆ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਰਵੀ ਸਿੰਘ ਤੋਂ ਸਵਾਲ ਕਰਨ ਕਿ ਕਰੋੜਾਂ ਰੁਪਏ ਕਿੱਥੇ ਅਤੇ ਕਿਵੇਂ ਖ਼ਰਚ ਕੀਤੇ ਜਾ ਰਹੇ ਹਨ।