International

ਖ਼ਾਲਸਾ ਏਡ ਨੇ ਯੂਕਰੇਨ ਦੀ ਰੇਲ ‘ਚ ਵਰਤਾਇਆ ਲੰਗਰ

‘ਦ ਖ਼ਾਲਸ ਬਿਊਰੋ : ਰੂਸ ਦੇ ਹ ਮਲੇ ਤੋਂ ਬਾਅਦ ਯੂਕਰੇਨ ’ਚ ਜਿਥੇ ਜੰਗ ਕਾਰਣ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ, ਉਥੇ ਹੀ ਖਾਲਸਾ ਏਡ ਦੇ ਵਲੋਂ ਯੂਕਰੇਨ ਤੋਂ ਲੇਵੀਵ ਜਾ ਰਹੀ ਟਰੇਨ ’ਚ ਗੁਰੂ ਕਾ ਲੰਗਰ ਵਰਤਾਇਆ ਗਿਆ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਯੂਕਰੇਨ ’ਚ ਭਾਈ ਹਰਦੀਪ ਸਿੰਘ ਕੋਲ ਜਿੰਨਾ ਵੀ ਆਟਾ, ਦਾਲ, ਸਬਜ਼ੀਆਂ ਤੇ ਹੋਰ ਖਾਣ ਵਾਲਾ ਸਮਾਨ ਪਿਆ ਹੋਇਆ ਸੀ। ਉਸ ਨੂੰ ਪਕਾ ਕੇ ਉਹ ਟਰੇਨ ’ਚ ਨਾਲ ਲੈ ਗਏ ਅਤੇ ਉਨ੍ਹਾਂ ਨੇ ਟਰੇਨ ’ਚ ਗੁਰੂ ਦਾ ਲੰਗਰ ਸ਼ੁਰੂ ਕਰ ਦਿੱਤਾ। ਟਰੇਨ ’ਚ ਜੋ ਵੀ ਲੋਕ ਲੰਗਰ ਛਕਣਾ ਚਾਹੁੰਦੇ ਸਨ ਭਾਈ ਹਰਦੀਪ ਸਿੰਘ ਵਲੋਂ ਉਨ੍ਹਾਂ ਨੂੰ ਲੰਗਰ ਛਕਾਇਆ ਗਿਆ।

ਇਸ ਟਰੇਨ ’ਚ ਪੰਜਾਬੀ ਸਿੱਖ, ਹਿੰਦੂ, ਪਾਕਿਸਤਾਨੀ ਤੇ ਹੋਰ ਵਰਗਾਂ ਦੇ ਲੋਕ ਵੀ ਮੌਜੂਦ ਸਨ। ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ 20 ਹਜ਼ਾਰ ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਵੀ ਹਨ। ਇਸ ਦੌਰਾਨ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਅਤੇ ਇਥੇ ਬੈਠੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੋਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਮਦਦ ਲੈ ਸਕਣ।