‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਪਾਰਟੀ ਦਾ ਰਲੇਵਾਂ ਹੋ ਗਿਆ ਹੈ। ਸੁਖਪਾਲ ਖਹਿਰਾ ਅੱਜ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੇ ਦਿੱਲੀ ਦਫਤਰ ਪਹੁੰਚੇ ਸਨ। ਉਨ੍ਹਾਂ ਦੇ ਨਾਲ ਵਿਧਾਇਕ ਜਗਦੇਵ ਕਮਾਲੂ, ਵਿਧਾਇਕ ਪਿਰਮਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨਾਲ ਜਨਰਲ ਸੈਕਟਰੀ ਰਣਦੀਪ ਸੁਰਜੇਵਾਲਾ ਵੀ ਗਏ ਸਨ। ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖਹਿਰਾ ਰਾਹੁਲ ਗਾਂਧੀ ਨਾਲ ਪਹਿਲੀ ਵਾਰ ਮੀਟਿੰਗ ਕਰਨ ਲਈ ਦਿੱਲੀ ਪਹੁੰਚੇ ਸਨ।
ਸੁਖਪਾਲ ਖਹਿਰਾ ਨੇ ਕਿਹਾ ਕਿ ‘ਕਾਂਗਰਸ ਮੇਰਾ ਪੁਰਾਣਾ ਘਰ ਹੈ, ਵਾਪਸੀ ਨਾਲ ਖੁਸ਼ ਹਾਂ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਆਪਣੀਆਂ ਗਲਤੀਆਂ ਦੀਆਂ ਸਮੀਖਿਆ ਨਹੀਂ ਕਰਦਾ ਹੈ। ਖਹਿਰਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਪਾਰਟੀ ਲਈ ਕੰਮ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਸਾਰਿਆਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਪੰਜਾਬ ਅਤੇ ਸੂਬੇ ਦੇ ਲੋਕਾਂ ਵਾਸਤੇ ਸੰਘਰਸ਼ ਜਾਰੀ ਰੱਖਾਂਗੇ’। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜਾਣਾ ਮੇਰੀ ਗਲਤੀ ਸੀ।
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ‘ਖਹਿਰਾ ਨੇ ਸਾਡੀ ਅਪੀਲ ‘ਤੇ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਅੱਜ ਖਹਿਰਾ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਧੰਨਵਾਦ ਕਹਿਣ ਲਈ ਆਏ ਹਨ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਆਏ ਹਨ’।