‘ਦ ਖ਼ਾਲਸ ਬਿਊਰੋ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਵਿ ਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ ਹਿੰ ਸਾ ਦੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ‘ਤੇ ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ ਹੈ।
ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨ ਅੰਦੇਲਨ ਦੌਰਾਨ 26 ਜਨਵਰੀ 2021 ਨੂੰ ਦਿੱਲੀ ਵੱਲ ਟਰੈਕਟਰ ਮਾਰਚ ਕੱਢਿਆ ਗਿਆ ਸੀ। ਉਸ ਵੇਲੇ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਕਿਲ੍ਹਾ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਸੀ। ਉਸ ਮੌਕੇ ਦੀ ਬਣਾਈ ਵੀਡੀਓ ਵਿੱਚ ਮਰਹੂਮ ਦੀਪ ਸਿੱਧੂ ਦੇ ਨਾਲ ਲਾਲਜੀਤ ਸਿੰਘ ਭੁੱਲਰ ਵੀ ਨਜ਼ਰ ਆ ਰਹੇ ਹਨ।
ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀਡੀਓ ਟਵੀਟ ਕਰਕੇ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ‘ਚ ਦੀਪ ਸਿੱਧੂ ਨਾਲ ਉਨ੍ਹਾਂ ਦਾ ਟਰਾਂਸਪੋਰਟ ਮੰਤਰੀ ਸ਼ਾਮਲ ਸੀ ਜਾਂ ਨਹੀਂ। ਜੇਕਰ ਹਾਂ, ਤਾਂ ਕੀ ਸਾਡੇ ਮੁੱਖ ਮੰਤਰੀ ਉਸ ਨੂੰ ਦੇਸ਼ ਵਿਰੋਧੀ ਕਹਿ ਕੇ ਆਪਣੀ ਕੈਬਨਿਟ ਵਿੱਚ ਰੱਖਣਗੇ? ਕੇਜਰੀਵਾਲ ਜਾਂ ਮਾਨ ਦੀ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਦੱਸ ਦੇਈਏ ਕਿ ਇਸ ਮਾਮਲੇ ‘ਚ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ। ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਕਈਆਂ ਨੂੰ ਹਵਾਲਾਤ ਵਿੱਚ ਰੱਖ ਕੇ ਕਥਿਤ ਤੌਰ ‘ਤੇ ਤਸ਼ੱਦਦ ਵੀ ਢਾਹਿਆ ਗਿਆ ਸੀ।
ਇਸ ਤੋਂ ਪਹਿਲਾਂ ਵੀ ਉਹ ਗੰਨਮੈਨਾਂ ਨਾਲ ਗੱਡੀ ‘ਤੇ ਸਟੰਟ ਕਰਦੇ ਨਜ਼ਰ ਆਏ ਸਨ। ਭਾਵੇਂ ਕਿ ਉਨ੍ਹਾਂ ਨੇ ਬਾਅਦ ‘ਚ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਇਹ ਵੀਡੀਓ ਚੋਣਾਂ ਜਿੱਤਣ ਦੇ ਸਮੇਂ ਦੀ ਹੈ ਪਰ ਨਾਲ ਹੀ ਉਨ੍ਹਾਂ ਮੁਆਫੀ ਵੀ ਮੰਗ ਲਈ ਸੀ।