‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਸ਼ਿਕਾਇਤ ਭੇਜੀ ਹੈ। ਖਹਿਰਾ ਵੱਲੋਂ ਇਹ ਸ਼ਿਕਾਇਤ ਆਪਣੇ ਵਿਰੁੱਧ ‘ਆਪ’ ਦੀ ਟਿਕਟ ’ਤੇ ਚੋਣ ਲੜਨ ਵਾਲੇ ਰਣਜੀਤ ਸਿੰਘ ਰਾਣਾ ਖ਼ਿਲਾਫ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਣਾ ਖ਼ਿਲਾਫ਼ ਸਰਕਾਰੀ ਕਣਕ ਚੋਰੀ ਕਰਨ ਦਾ ਮੁਕੱਦਮਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਖਹਿਰਾ ਨੇ ਟਵਿਟਰ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਆਉ ਦੇਖੀਏ ਕਿ ਤੁਹਾਡੀ ਪਾਰਟੀ ਦੇ ਚੋਰਾਂ ਵਿਰੁੱਧ ਕਾਰਵਾਈ ਕਰਨ ਲਈ ਤੁਹਾਡੇ ਕੋਲ ਕਿੰਨੀ ਤਾਕਤ ਹੈ। ਉਨ੍ਹਾਂ ਨੇ ਭੁਲੱਥ ਤੋਂ ਉਮੀਦਵਾਰ ਰਾਣਾ ਦੀ ਉਹ ਵੀਡੀਓ ਨਸ਼ਰ ਕੀਤੀ ਹਾ ਜਿਸ ਵਿੱਚ ਉਹ ਟਰੱਕ ਵਿੱਚੋਂ ਸਰਕਾਰੀ ਕਣਕ ਲਾਹੁੰਦੇ ਦਿਖਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਡੀਸੀ ਕੋਲ ਸ਼ਿਕਾ ਇਤ ਦਰਜ ਕਰਵਾਈ ਹੈ। ਹੁਣ ਦੇਖਣਾ ਇਹ ਹੈ ਕਿ ਤੁਸੀਂ ਭ੍ਰਿਸ਼ਟਾਚਾਰ ਨੂੰ ਰੋਕਦੇ ਹੋ ਜਾਂ ਤੁਸੀਂ ਵੀ ਭਾਈਵਾਲ ਬਣੋਗੇ।
ਖਹਿਰਾ ਨੇ ਕਿਹਾ ਕਿ ਇੱਕ ਪਾਸੇ ‘ਆਪ’ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦਾ ਆਪਣਾ ਆਗੂ ਸਰਕਾਰੀ ਕਣਕ ਦੀ ਚੋਰੀ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਉਹ ਕੋਈ ਕਾਰਵਾਈ ਨਹੀਂ ਕਰਦੇ ਤਾਂ ਭਗਵੰਤ ਮਾਨ ਵੱਲੋਂ ਪ੍ਰਚਾਰੇ ਗਏ ਬਦਲਾਅ ਦੇ ਨਾਅਰੇ ਦੀ ਮੁਕੰਮਲ ਫੂਕ ਨਿਕਲ ਜਾਵੇਗੀ ਤੇ ਸਾਬਤ ਹੋ ਜਾਵੇਗਾ ਕਿ ਇਹ ਸਰਕਾਰ ਪੁਰਾਣੀ ਰਵਾਇਤੀ ਪਾਰਟੀਆਂ ਨਾਲੋਂ ਵੀ ਇੱਕ ਕਦਮ ਅੱਗੇ ਵੱਧ ਕੇ ਭ੍ਰਿਸ਼ਟ ਆਗੂਆਂ ਦੀ ਹਿਫਾਜ਼ਤ ਕਰ ਰਹੀ ਹੈ। ਖਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਸਰਕਾਰੀ ਕਣਕ ਚੋਰੀ ਕਰਕੇ ਖਜ਼ਾਨੇ ਨੂੰ ਖੋਰਾ ਲਗਾਉਣ ਵਾਲੇ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਖ਼ਿ ਲਾਫ਼ ਸਖ਼ ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।