‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮੀਡੀਆ ਉੱਤੇ ਡੋਰੇ ਪਾਉਣ ਦਾ ਦੋ ਸ਼ ਲਾਇਆ ਹੈ। ਅੱਜ ਸੱਦੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੀ ਪੱਤਲੀ ਹਾਜ਼ਰੀ ਦੇਖ ਕੇ ਤੜਫ ਉੱਠੇ। ਉਨ੍ਹਾਂ ਨੇ ਭਾਰਤਾ ਜਨਤਾ ਪਾਰਟੀ ਦੇ ਚਹੇਤੇ ਗੋਦੀ ਮੀਡੀਆਂ ਤਰਜ਼ ਕੇਜੀ ਮੀਡੀਆ ਦਾ ਨਾਂ ਦੇ ਦਿੱਤਾ ਹੈ।
ਤੈਰਦੀਆਂ ਖ਼ਬਰਾਂ ਹਨ ਕਿ ਖਹਿਰਾ ਵੱਲੋਂ ਸਰਕਾਰ ਦੀ ਜ਼ਮੀਨਾਂ ‘ਤੇ ਕਬਜ਼ੇ ਛੁਡਾਉਣ ਬਾਰੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਪੰਜਾਬੀ ਅਤੇ ਕੌਮੀ ਮੀਡੀਆ ਨੇ ਦੂਰੀ ਬਣਾ ਕੇ ਰੱਖੀ ਸੀ। ਖ਼ਬਰਾਂ ਤਾਂ ਇਹ ਵੀ ਹਨ ਕਿ ਟੀਵੀ ਚੈਨਲਾਂ ਦੀਆਂ ਕੁਝ ਗੱਡੀਆਂ ਨੇ ਸਿੱਧਾ ਪ੍ਰਸਾਰਣ ਮੌਕੇ ‘ਤੇ ਰੱਦ ਕਰ ਦਿੱਤਾ ਜਦਕਿ ਪੰਜਾਬੀ ਦੇ ਇੱਕ ਯੂ ਟਿਊਬ ਚੈਨਲ ਨੇ ਪ੍ਰੈਸ ਕਾਨਫਰੰਸ ਅੱਧ ਵਿਚਾਲੇ ਬੰਦ ਕਰ ਦਿੱਤੀ ਸੀ।
ਖਹਿਰਾ ਨੇ ਬਾਅਦ ਦੁਪਹਿਰ ਜਾਰੀ ਕੀਤੇ ਇੱਕ ਟਵਿਟ ਵਿੱਚ ਕਿਹਾ ਹੈ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦਾ ਮੀਡੀਆ ਵੀ ਗੋਦੀ ਮੀਡੀਆ ਦੀ ਪੈੜ ਨੱਪਣ ਲੱਗਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਅੱਜ ਦੀ ਪ੍ਰੈਸ ਕਾਨਫਰੰਸ ਦੀ ਕਵਰੇਜ ਤੋਂ ਰੋਕਿਆ ਗਿਆ ਹੈ। ਆਪ ਮੀਡੀਆ ਦੀ ਲਗਾਮ ਹੱਥ ਵਿੱਚ ਫੜਨ ਦੀ ਬੱਲ ਅਤੇ ਪੈਸੇ ਦੀ ਵਰਤੋਂ ਕਰਨ ਤੱਕ ਹੇਠਾਂ ਡਿੱਗ ਸਕਦੀ ਹੈ।