Punjab

ਖਹਿਰਾ ਨੇ ਸੀਚੇਵਾਲ ‘ਤੇ ਲਾਏ ਦੋਸ਼, ਬਾਬਾ ਨੇ ਨਕਾਰੇ

ਦ ਖ਼ਾਲਸ ਬਿਊਰੋ : ਆਲ ਇੰਡੀਆ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਦੇ ਮੈਂਬਰ ਅਤੇ ਏਕ ਉਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਬਾਨੀ ਪ੍ਰਧਾਨ ਬਲਬੀਰ ਸਿੰਘ ਸੀਚੇਵਾਲ ਉੱਤੇ 21 ਏਕੜ ਜ਼ਮੀਨ ਉੱਤੇ ਗੈਰ ਕਾਨੂੰਨੀ ਤੌਰ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੇ ਦੋ ਪਿੰਡਾਂ ਪਿੰਡ ਜਾਮੇਵਾਲ ਦੀ 56 ਕਨਾਲ ਅਤੇ ਪਿੰਡ ਫਤਿਹ ਵਾਲਾ ਦੀ 112 ਕਨਾਲ ਜ਼ਮੀਨ ਉੱਤੇ ਗੈਰ ਕਾਨੂੰਨੀ ਤੌਰ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੇ ਬਾਬਾ ਸੀਚੇਵਾਲ ਦੀ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ ਦੀ ਕਾਪੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਦਿੱਤੀ ਹੈ।

ਆਲ ਇੰਡੀਆ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ

ਦੂਜੇ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਦ ਖ਼ਾਲਸ ਟੀਵੀ ਨਾਲ ਫੋਨ ਉੱਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਜ਼ਮੀਨ ਗਊਸ਼ਾਲਾ ਦੀ ਹੈ ਅਤੇ ਏਕ ਓਂਕਾਰ ਚੈਰੀਟੇਬਲ ਟਰੱਸਟ ਵੱਲੋਂ ਗਊਸ਼ਾਲਾ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜ਼ਮੀਨ ਉੱਤੇ ਪਸ਼ੂਆਂ ਲਈ ਪੱਠੇ ਬੀਜੇ ਜਾਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਟਰੱਸਟ ਦੀ ਜ਼ਮੀਨ ਆਪਣੇ ਕਬਜ਼ੇ ਹੇਠ ਲੈਣ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ।

ਰਾਜ ਸਭਾ ਦੇ ਮੈਂਬਰ ਅਤੇ ਏਕ ਉਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਬਾਨੀ ਪ੍ਰਧਾਨ ਬਲਬੀਰ ਸਿੰਘ ਸੀਚੇਵਾਲ

ਖਹਿਰਾ ਨੇ ਕਿਹਾ ਕਿ ਗੈਰ ਕਾਨੂੰਨੀ ਕਬਜ਼ਾ ਹੋਣ ਦਾ ਇਹ ਮਾਮਲਾ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਪੂਰੀ ਤਰ੍ਹਾਂ ਨਾਲ ਸਾਫ ਹੁੰਦਾ ਹੈ। ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਗੈਰ ਕਾਨੂੰਨੀ ਕਬਜ਼ੇ ਛੁਡਵਾਉਣ ਵਾਸਤੇ ਮਿਸਾਲ ਕਾਇਮ ਕਰਨ ਲਈ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਅਤੇ ਜੇ ਤੁਸੀਂ ਹੁਣ ਕੋਈ ਕਾਰਵਾਈ ਨਹੀਂ ਕਰਦੇ ਤਾਂ ਇਹ ਸਿੱਧ ਹੋ ਜਾਵੇਗਾ ਕਿ ਤੁਸੀਂ ਸਿਰਫ਼ ਸਿਮਰਨਜੀਤ ਸਿੰਘ ਮਾਨ ਵਰਗੇ ਆਪਣੇ ਵਿਰੋਧੀਆਂ ਖਿਲਾਫ਼ ਹੀ ਕਾਰਵਾਈ ਕਰਦੇ ਹੋ।

ਖਹਿਰਾ ਨੇ ਕਿਹਾ ਕਿ ਇਸ ਟਰੱਸਟ ਵੱਲੋਂ ਇਹ ਜ਼ਮੀਨ ਦਹਾਕਿਆਂ ਤੋਂ ਖੇਤੀਬਾੜੀ ਲਈ ਵਰਤੀ ਜਾ ਰਹੀ ਪਰ ਟਰੱਸਟ ਨੇ ਸਬੰਧਿਤ ਪੰਚਾਇਤਾਂ ਕੋਲ ਕਦੇ ਵੀ ਕੋਈ ਆਮਦਨ ਜਮ੍ਹਾਂ ਨਹੀਂ ਕਰਵਾਈ ਜੋ ਉਹਨਾਂ ਨੂੰ ਸਰਕਾਰ ਦਾ ਵਿੱਤੀ ਡਿਫਾਲਟਰ ਵੀ ਬਣਾਉਂਦੀ ਹੈ।

ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਇੱਕ ਹੋਰ ਸ਼ਿਕਾਇਤ ਯਾਦ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਐੱਮਪੀ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਐੱਲਪੀਯੂ ਖਿਲਾਫ਼ ਕੀਤੀ ਗਈ ਸ਼ਿਕਾਇਤ ਉੱਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਨੇ ਪਿੰਡ ਚਹੇੜੂ ਦੀ ਪੰਚਾਇਤੀ ਜ਼ਮੀਨ ਵਿੱਚ 39 ਫੀਸਦੀ ਹਿੱਸੇਦਾਰ ਨਾਨਕ ਨਗਰੀ ਦੀ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਹੀ ਪਿੰਡ ਚਹੇੜੂ ਦੀ 100 ਕਰੋੜ ਰੁਪਏ ਕੀਮਤ ਵਾਲੀ ਮਹਿੰਗੀ ਕਮਰਸ਼ੀਅਲ 13.25 ਏਕੜ ਜ਼ਮੀਨ ਵਟਾਂਦਰਾ ਕਰਕੇ ਹੜੱਪ ਲਈ। ਐਲਪੀਯੂ ਵੱਲੋਂ ਤਬਾਦਲੇ ਵਿੱਚ ਦਿੱਤੀ ਗਈ ਜ਼ਮੀਨ ਹੜ ਦੀ ਮਾਰ ਵਾਲੀ ਹੈ ਅਤੇ ਸਿਰਫ਼ 15 ਲੱਖ ਰੁਪਏ ਫੀਸਦੀ ਏਕੜ ਕੀਮਤ ਵਾਲੀ ਹੈ। ਇਸ ਲਈ ਉਕਤ ਗਲਤ ਤਬਾਦਲਾ ਪੰਚਾਇਤ ਮੰਤਰੀ ਦੇ ਹਸਤਾਖਰਾਂ ਨਾਲ ਰੱਦ ਕੀਤਾ ਜਾ ਸਕਦਾ ਹੈ।