ਬਿਊਰੋ ਰਿਪੋਰਟ (ਖਡੂਰ ਸਾਹਿਬ, 10 ਸਤੰਬਰ 2025): ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨ ਤਾਰਨ ਅਦਾਲਤ ਵੱਲੋਂ ‘ਉਸਮਾ ਕਾਂਡ’ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਇੱਕ ਲੜਕੀ ਨੂੰ ਛੇੜਣ ਤੇ ਕੁੱਟਣ ਦਾ ਮਾਲਮਾ ਹੈ। ਇਸ ਮਾਮਲੇ ਵਿੱਚ ਲਾਲਪੁਰਾ ਸਮੇਤ ਕੁੱਲ 7 ਲੋਕ ਦੋਸ਼ੀ ਕਰਾਰ ਹੋਏ ਹਨ। ਅਦਾਲਤ ਵੱਲੋਂ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ‘ਉਸਮਾ ਕਾਂਡ’ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਫੈਸਲਾ 12 ਤਰੀਕ ਨੂੰ ਸੁਣਾਇਆ ਜਾਵੇਗਾ।
ਇਸ ਤੋਂ ਬਾਅਦ ਪੁਲਿਸ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਰਿਹਾ ਹੈ। ਇਹ ਮਾਮਲਾ ਪਿੰਡ ਉਸਮਾ ਦੀ ਲੜਕੀ ਹਰਬਿੰਦਰ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸਨੇ ਵਿਆਹ ਸਮਾਗਮ ਦੌਰਾਨ ਛੇੜਛਾੜ ਅਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਸਨ।