ਬਿਊਰੋ ਰਿਪੋਰਟ : ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਚੀਫ ਪਰਮਜੀਤ ਸਿੰਘ ਪੰਜਵੜ ਦਾ ਸ਼ਨਿੱਚਰਵਾਰ ਲਾਹੌਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਭਾਰਤੀ ਮੀਡੀਆ ਦੀ ਖ਼ਬਰਾਂ ਮੁਤਾਬਿਕ ਉਨ੍ਹਾਂ ਨੂੰ ਜੋਹਰ ਕਸਬੇ ਦੇ ਸਨਫਲਾਵਰ ਸੁਸਾਇਡੀ ਵਿੱਚ ਵੜ ਕੇ ਗੋਲੀਆਂ ਨਾਲ ਮਾਰਿਆ ਗਿਆ ਹੈ ਜਿਸ ਤੋਂ ਬਾਅਦ ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਾਣਕਾਰੀ ਦੇ ਮੁਤਾਬਿਕ ਸ਼ਨਿੱਚਰਵਾਰ ਸਵੇਰ 6 ਵਜੇ ਬਾਈਕ ‘ਤੇ ਆਏ 2 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਫਰਾਰ ਹੋ ਗਏ । ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਪਾਕਿਸਤਾਨ ਮੀਡੀਆ ਵੱਲੋਂ ਨਹੀਂ ਕੀਤੀ ਗਈ ਹੈ, ਸਿਰਫ ਭਾਰਤੀ ਮੀਡੀਆ ਹੀ ਇਸ ਖ਼ਬਰ ਦਾ ਦਾਅਵਾ ਕਰ ਰਿਹਾ ਹੈ,ਇਸ ਤੋਂ ਇਲਾਵਾ ਨਿਊਜ਼ ਏਜੰਸੀ PTI ਵੀ ਪੰਜਵੜ ਦੀ ਮੌਤ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਪੰਜਾਬ ਦੇ ਇੱਕ ਨਿਊਜ਼ ਪੋਰਟਲ ਜ਼ਰੂਰ ਪੰਜਵੜ ਦੀ ਮੌਕੇ ਵਾਰਦਾਤ ਵਾਲੀ ਫੋਟੋ ਨਾਲ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਰਿਹਾ ਹੈ।
ਕੇਂਦਰ ਦੀ ਲਿਸਟ ਵਿੱਚ ਪੰਜਵੜ ਦਾ ਨਾਂ
ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਝਬਾਲ ਥਾਣੇ ਦੇ ਤਹਿਤ ਆਉਂਦੇ ਪੰਜਵੜ ਪਿੰਡ ਦੇ ਰਹਿਣ ਵਾਲੇ ਸਨ । ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ਵਿੱਚ 9 ਲੌਕਾਂ ਦੀ ਲਿਸਟ ਤਿਆਰ ਕੀਤੀ ਸੀ ਜਿਸ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ 8ਵੇਂ ਨੰਬਰ ‘ਤੇ ਸੀ । ਇਸ ਲਿਸਟ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਚੀਫ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸੀ ਜੋ ਕਿ ਤਰਨਤਾਰਨ ਦੇ ਦਾਸੂਵਾਲ ਪਿੰਡ ਦੇ ਰਹਿਣ ਵਾਲੇ ਸਨ ।
1986 ਵਿੱਚ ਪਾਕਿਸਤਾਨ ਗਏ
ਪੰਜਾਬ ਵਿੱਚ ਕਾਲੇ ਦੌਰ ਦੌਰਾਨ ਉਹ 1986 ਵਿੱਚ ਆਪਣੇ ਚਾਚੇ ਦੇ ਭਰਾ ਲਾਭ ਸਿੰਘ ਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ (KCF) ਵਿੱਚ ਸ਼ਾਮਲ ਹੋ ਗਏ ਸਨ । ਉਸ ਤੋਂ ਪਹਿਲਾਂ ਉਹ ਕੌ-ਆਪਰੇਟਿਵ ਬੈਂਕ ਵਿੱਚ ਕੰਮ ਕਰਦੇ ਸਨ । ਭਾਰਤੀ ਸੁਰੱਖਿਆ ਏਜੰਸੀਆਂ ਨੇ ਲਾਭ ਸਿੰਘ ਨੂੰ ਮਾਰ ਦਿੱਤਾ ਸੀ ਉਸ ਤੋਂ ਬਾਅਦ 1990 ਵਿੱਚ ਪੰਜਵੜ ਨੇ KCF ਦੀ ਕਮਾਨ ਸੰਭਾਲੀ ਅਤੇ ਪਾਕਿਸਤਾਨ ਚੱਲਾ ਗਿਆ । ਹਾਲਾਂਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਉੱਥੇ ਹੋਣ ਤੋਂ ਇਨਕਾਰ ਕਰਦੀ ਰਹੀ ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਜਰਮਨੀ ਵਿੱਚ ਰਹਿੰਦੇ ਹਨ । 2020 ਵਿੱਚ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਦਾ ਨਾਂ ਹੀ ਸਾਹਮਣੇ ਆਇਆ ਸੀ ।
ਪੁਲਿਸ ਦੇ ਰਿਕਾਰਡ ਵਿੱਚ ਪੁਰਾਣੀ ਫੋਟੋ ਹੈ
ਪੰਜਾਬ ਪੁਲਿਸ ਦੇ ਰਿਕਾਰਡ ਵਿੱਚ ਪਰਮਜੀਤ ਸਿੰਘ ਪੰਜਵੜ ਦੀ 33 ਸਾਲ ਪੁਰਾਣੀ ਫੋਟੋ ਹੈ ,ਜਦਕਿ ਉਸ ਦਾ ਨਾਂ ਮੋਸਟ ਵਾਂਟਿਡ ਦੀ ਲਿਸਟ ਵਿੱਚ ਸੀ । 1999 ਵਿੱਚ ਚੰਡੀਗੜ੍ਹ ਪਾਸਪੋਰਟ ਦਫਤਰ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਦਾ ਨਾਂ ਸਾਹਮਣੇ ਆਇਆ ਸੀ । ਇਸ ਵਿੱਚ 4 ਲੋਕ ਜਖ਼ਮੀ ਹੋਏ ਸਨ ।