ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸਾਂਸਦ ਕੰਗਨਾ ਰਣੌਤ ਵੱਲੋਂ ਪੰਜਾਬ ਬਾਰੇ ਕੀਤੀ ਟਿੱਪਣੀ ਦਾ ਚੁਫ਼ੇਰਿਓਂ ਵਿਰੋਧ ਹੋ ਰਿਹਾ ਹੈ। ਕੇਂਦਰੀ ਸਿੰਘ ਸਭਾ ਨੇ ਵੀ ਕੰਗਨਾ ਦੀ ਪੰਜਾਬ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਤੇ CISF ਮੁਲਾਜ਼ਮ ਕੁਲਵਿੰਦਰ ਕੌਰ ਵਿਚਾਲੇ ਵਾਪਰੀ ਘਟਨਾ ਨੂੰ ਕੰਗਨਾ ਨੇ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਵੱਲੋਂ ਪੰਜਾਬ ਨੂੰ ਅਤਿਵਾਦ ਤੇ ਵੱਖਵਾਦ ਨਾਲ ਜੋੜ ਕੇ ਦੱਸਣਾ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਕੇਂਦਰੀ ਸਿੰਘ ਸਭਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੰਗਨਾ ਰਣੌਤ ਦੇ ਬਿਆਨ ਗਿਣੀ-ਮਿਥੀ ਉਸ ਸਿਆਸੀ ਪਹੁੰਚ ਦੀ ਉਪਜ ਹਨ ਜਿਹੜਾ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਹਿੰਦੂਤਵੀ ਨਜ਼ਰੀਏ ਤੋਂ ਹੀ ਦੇਖਦੀ ਹੈ। ਇਹ ਨਜ਼ਰੀਆ ਨਿਰਪੱਖ ਨਹੀਂ ਹੈ, ਤੇ ਇਸੇ ਕਰਕੇ ਉਸ ਨੇ ਦਿੱਲੀ ਜਾ ਕੇ ਇਸ ਘਟਨਾ ਦੀ ਸਿਆਸੀ ਨਜ਼ਰੀਏ ਤੋਂ ਵਿਆਖਿਆ ਕੀਤੀ ਹੈ।
ਇਹ ਬਿਆਨ ਪ੍ਰੋਫ਼ੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕੇਂਦਰੀ ਸਿੰਘ ਸਭਾ ਵਲੋਂ ਮੀਟਿੰਗ ਬਾਅਦ ਜਾਰੀ ਕੀਤਾ ਗਿਆ ਹੈ।
ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਚਿੰਤਕਾਂ ਨੇ ਕਿਹਾ ਕਿ ਘਟਨਾ ਦਾ ਪਹਿਲਾ ਹਿੱਸਾ ਜਾਣ ਬੁੱਝ ਕੇ ਦਬਾਇਆ ਜਿਸ ਵਿਚ ਕੰਗਨਾ ਰਣੌਤ ਦੇ ਵਰਤਾਓ/ਗੱਲਬਾਤ ਤੋਂ ਕੁਲਵਿੰਦਰ ਕੌਰ ਨੂੰ ਗੁੱਸਾ ਆਇਆ ਅਤੇ ਉਹ ਆਪਣੇ ਗੁੱਸੇ ਨੂੰ ਰੋਕ ਨਾ ਸਕੀ। ਉਨ੍ਹਾਂ ਮੰਗ ਕੀਤੀ ਹੈ ਕਿ ਹਵਾਈ ਅੱਡੇ ’ਤੇ ਵਾਪਰੀ ਸਮੁੱਚੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਇਸ ਘਟਨਾ ਨੂੰ ਬੇਵਜ੍ਹਾ ਤੂਲ ਤੇ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।