Lok Sabha Election 2024 Punjab

ਲੁਧਿਆਣਾ ‘ਚ ਕੇਜਰੀਵਾਲ ਦੀ ਵਪਾਰੀਆਂ ਨਾਲ ਮੀਟਿੰਗ ਖਤਮ, ਕਿਹਾ ਵਪਾਰੀਆਂ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ ਪੰਜਾਬ ਸਰਕਾਰ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਵਿੱਚ ਵਪਾਰੀਆਂ ਨਾਲ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਕਾਰੋਬਾਰੀ ਅਤੇ ਕੈਬਨਿਟ ਮੰਤਰੀ ਮੌਜੂਦ ਰਹੇ।  ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ‘ਚ ਵਪਾਰੀਆਂ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸਮੇਂ-ਸਮੇਂ ‘ਤੇ ਆਈਆਂ ਸਰਕਾਰਾਂ ਨੇ ਪੰਜਾਬ ਦੇ ਕਾਰੋਬਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਕਾਰੋਬਾਰੀਆਂ ਕੋਲ ਗਿਆ ਅਤੇ ਜਿੱਥੇ ਵੀ ਜਾਂਦਾ ਹਾਂ, ਸਭ ਤੋਂ ਪਹਿਲਾਂ ਕਾਰੋਬਾਰੀਆਂ ਨੂੰ ਮਿਲਦਾ ਹਾਂ। ਕਿਉਂਕਿ ਮੈਂ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਮਝਦਾ ਹਾਂ।

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਵਪਾਰੀ ਪੰਜਾਬ ਛੱਡ ਕੇ ਦੂਜੇ ਰਾਜਾਂ ਵਿੱਚ ਜਾ ਰਹੇ ਸਨ, ਜਿਸ ਨੂੰ ਅਸੀਂ ਰੋਕ ਦਿੱਤਾ ਅਤੇ ਸਰਕਾਰ ਬਣਦਿਆਂ ਹੀ ਅਸੀਂ ਪੰਜਾਬ ਛੱਡ ਕੇ ਗਏ ਕਾਰੋਬਾਰੀਆਂ ਨੂੰ ਵਾਪਸ ਬੁਲਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਕੇਜਰੀਵਾਲ ਪੰਜਾਬ ਦੇ ਹਰ ਵਪਾਰੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਗੇ ਉਨ੍ਹਾਂ ਕਿਹਾ ਕਿ ਜਲਦੀ ਹੀ ਅਸੀਂ ਉਦਯੋਗਾਂ ਲਈ ਬਿਜਲੀ ਵੀ ਸਸਤੀ ਕਰਾਂਗੇ ਅਤੇ ਇਹ ਮੁਫਤ ਮੁਹੱਈਆ ਕਰਵਾਈ ਜਾਵੇਗੀ। ਤਾਂ ਜੋ ਪੰਜਾਬ ਦੀ ਇੰਡਸਟਰੀ ਤਰੱਕੀ ਕਰੇ।

ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ ਇਕ ਇੰਡਸਟਰੀ ਹੱਬ ਹੈ ਅਤੇ ਇੱਥੋਂ ਦੇ ਵਪਾਰੀਆਂ ਦੀ ਹਰ ਸਮੱਸਿਆ ਉਨ੍ਹਾਂ ਦੀ ਹੈ। ਕੇਜਰੀਵਾਲ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਹਰ ਸਮੱਸਿਆ ਦਾ ਹੱਲ ਵੋਟਿੰਗ ਹੈ। ਤੁਸੀਂ 13 ‘ਚੋਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ ਜਿਤਾਓ ਤਾਂ ਜੋ ਸਾਡੇ ਹੱਥ ਮਜ਼ਬੂਤ ​​ਹੋ ਸਕਣ ਅਤੇ ਹਰ ਸਮੱਸਿਆ ਦਾ ਹੱਲ ਹੋ ਸਕੇ।

ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ ‘ਚ ਅਮਿਤ ਸ਼ਾਹ ਨੇ ਖੁੱਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਕਰੋਗੇ ਤਾਂ ਉਹ ਤੁਹਾਡੀ ਮੁਫਤ ਬਿਜਲੀ ਬੰਦ ਕਰ ਦੇਣਗੇ। ਮੋਦੀ ਸਰਕਾਰ ਮੁਫ਼ਤ ਬਿਜਲੀ ਕਾਰਨ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਇਸੇ ਲਈ ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਉਮੀਦਵਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸੈਟਿੰਗ ਕਰਨ ਲੱਗ ਜਾਂਦੇ ਹਨ, ਪਰ ਸਾਡੀ ਸਰਕਾਰ ‘ਚ ਕਿਸੇ ਵੀ ਤਰ੍ਹਾਂ ਦੀ ਸੈਟਿੰਗ ਨਹੀਂ ਹੈ। ਤੁਹਾਡਾ ਆਪਣਾ ਪੱਪੀ ਪਰਾਸ਼ਰ ਤੁਹਾਡੇ ਕਾਰੋਬਾਰੀਆਂ ਦੀ ਆਵਾਜ਼ ਵਜੋਂ ਲੋਕ ਸਭਾ ਵਿੱਚ ਗੂੰਜੇਗਾ।

ਕੇਜਰੀਵਾਲ ਨੇ ਕਿਹਾ ਕਿ ਅੱਜ ਮੋਦੀ ਜੀ ਆਪਣੇ ਆਪ ਨੂੰ ਭਗਵਾਨ ਸਮਝ ਰਹੇ ਹਨ ਪਰ ਉਨ੍ਹਾਂ ਦਾ ਹੰਕਾਰ 1 ਜੂਨ ਤੋਂ ਬਾਅਦ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਚੋਣਾਂ ਦੀ ਤਰੀਕ ਦਾ ਐਲਾਨ ਹੋਇਆ ਤਾਂ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪਰ ਇਹ ਤੁਹਾਡੇ ਪਿਆਰ ਨੇ ਹੀ ਮੈਨੂੰ ਜੇਲ੍ਹ ਵਿੱਚੋਂ ਬਾਹਰ ਲਿਆਂਦਾ ਹੈ।

ਕੇਜਰੀਵਾਲ ਨੇ ਆਰਐਸਐਸ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਮੋਦੀ ਆਪਣੇ ਆਪ ਨੂੰ ਭਗਵਾਨ ਕਹਿ ਰਹੇ ਹਨ ਤਾਂ ਹੁਣ ਆਰਐਸਐਸ ਕਿੱਥੇ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਪੰਜਾਬ ਦਾ ਐਮਪੀ ਵੀ ਤੁਹਾਡੀ ਆਮ ਆਦਮੀ ਪਾਰਟੀ ਦਾ ਹੀ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਕੰਮ ਹੋ ਸਕਣ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਲੁਧਿਆਣਾ ਸੈਂਟਰਲ ‘ਚ ਰੋਡ ਸ਼ੋਅ ਕੀਤਾ।

ਇਹ ਵੀ ਪੜ੍ਹੋ – ਆਦੇਸ਼ ਪ੍ਰਤਾਪ ਕੈਰੋਂ ਲੈਣਗੇ ਵੱਡਾ ਫੈਸਲਾ, ਇਕ ਦੋ ਦਿਨ ‘ਚ ਹੋਵੇਗਾ ਐਲਾਨ