India Punjab

CBI ਵੱਲੋਂ ਗ੍ਰਿਫ਼ਤਾਰੀ ਦੇ ਬਾਅਦ ਕੇਜਰੀਵਾਲ ਦੀ ਤਬੀਅਤ ਵਿਗੜੀ! “ਕਰਮ ਸਾਹਮਣੇ ਆਏ, ਜੋ ਬੀਜੋਗੇ ਉਹ ਹੀ ਪਾਉਗੇ!”

ਬਿਉਰੋ ਰਿਪੋਰਟ – CBI ਵੱਲੋਂ ਅਰਵਿੰਦਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਕਮਰੇ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਨਾਸ਼ਤਾ ਕਰਵਾਇਆ। ਮੰਨਿਆ ਜਾ ਰਿਹਾ ਸੀ ਹੈ CBI ਪੁੱਛ-ਗਿੱਛ ਦੇ ਕੇਜਰੀਵਾਲ ਨੂੰ ਦਫ਼ਤਰ ਲੈ ਕੇ ਆ ਸਕਦੀ ਹੈ।

ਖਹਿਰਾ ਦਾ ਬਿਆਨ

ਉੱਧਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੇਜਰੀਵਾਲ ਨੂੰ CBI ਵੱਲੋਂ ਗ੍ਰਿਫ਼ਤਾਰ ਕਰਨ ’ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਲਿਖਿਆ, “ਕੇਜਰੀਵਾਲ ਦੇ ਆਪਣੇ ਕਰਮ ਸਾਹਮਣੇ ਆ ਰਹੇ ਹਨ, ਜੋ ਤੁਸੀਂ ਬੀਜੋਗੇ ਉਹ ਹੀ ਪਾਉਗੇ, ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕਈ ਅਪਰਾਧਿਕ ਕੇਸ ਥੋਪ ਕੇ ਜੇਲ੍ਹ ਵਿੱਚ ਭੇਜਿਆ, ਉਹੀ ਉਨ੍ਹਾਂ ਨਾਲ ਹੋ ਰਿਹਾ ਹੈ। ਇਸ ਤੋਂ ਇਹ ਹੀ ਸਬਕ ਮਿਲਦਾ ਹੈ ਕਿ ਕਦੇ ਵੀ ਤਾਕਤ ਨੂੰ ਆਪਣੇ ਮੁਫਾਦ ਲਈ ਨਹੀਂ ਵਰਤਣਾ ਚਾਹੀਦਾ ਹੈ। ਮੇਰੇ ਖ਼ਿਲਾਫ਼ ਨਾਇਨਸਾਫੀ ਦੇ ਬਾਵਜੂਦ ਮੇਰੀ ਇੱਛਾ ਹੈ ਕਿ ਅਰਵਿੰਦ ਕੇਜਰੀਵਾਲ ਜਲਦ ਜੇਲ੍ਹ ਤੋਂ ਰਿਹਾਅ ਹੋ ਜਾਣ।”

ਖਹਿਰਾ ਨੇ ਆਪਣੀ ਮਿਸਾਲ ਦਿੰਦੇ ਹੋ ਕਿਹਾ ਜਦੋਂ ਮੈਨੂੰ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਣੀ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵੇਰੇ ਤੜ੍ਹਕੇ ਸੁਭਾਨਪੁਰ ਥਾਣਾ ਖੁਲ੍ਹਵਾ ਕੇ ਉਨ੍ਹਾਂ ’ਤੇ ਪਰਚਾ ਦਰਜ ਕਰਵਾਇਆ ਤਾਂ ਕਿ ਉਨ੍ਹਾਂ ਦੀ ਜ਼ਮਾਨਤ ਰੁਕਵਾਈ ਜਾ ਸਕੇ। ਖਹਿਰਾ ਨੇ ਕਿਹਾ ਕਿ ਇਹੀ ਕੁਝ ਹੁਣ ਕੇਜਰੀਵਾਲ ਨਾਲ ਵਾਪਰ ਰਿਹਾ ਹੈ।

ਰਾਘਵ ਚੱਢਾ ਦਾ ਬਿਆਨ

ਉੱਧਰ ਰਾਜ ਸਭਾ ਵਿੱਚ ਆਮ ਆਦਮੀ ਪਾਟਰੀ ਦੇ ਡਿਪਟੀ ਲੀਡਰ ਰਾਘਵ ਚੱਢਾ ਨੇ ਕਿਹਾ, “ਈਡੀ ਦੇ ਮੁਕਦਮੇ ਵਿੱਚ ਬੇਲ ਮਿਲੀ ਸੀ ਤਾਂ ਅਰਵਿੰਦ ਕੇਜਰੀਵਾਲ ਨੂੰ CBI ਨੇ ਗ੍ਰਿਫ਼ਤਾਰ ਕਰ ਲਿਆ। ਮਕਸਦ ਸਾਫ਼ ਹੈ, ਬੱਸ ਕਿਸੇ ਵੀ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਰੱਖਿਆ ਜਾਵੇ। ਇਹ ਸਾਜਿਸ਼ ਹੈ, ਨਾਇਨਸਾਫੀ ਹੈ, ਇਹ ਸਿਆਸੀ ਬਦਲਾਖ਼ੋਰੀ ਹੈ।”

ਉੱਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, “ਜਦੋਂ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਤਕਲੀਫ ਵਧੀ ਹੈ। ਕੇਂਦਰ ਸਰਕਾਰ ਤੋਂ ਜੋ ਸਹਿਯੋਗ ਅਤੇ ਮਦਦ ਮਿਲਣੀ ਚਾਹੀਦੀ ਹੈ ਉਸ ਨੂੰ ਸਰਕਾਰ ਪੂਰਾ ਨਹੀਂ ਕਰਦੀ ਹੈ। ਹੁਣ ਕੇਂਦਰ ਸਰਕਾਰ ਲਗਾਤਾਰ ਕੇਜਰੀਵਾਲ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਤਕਲੀਫ ਪਹੁੰਚਾ ਰਹੀ ਹੈ। ਜਦੋਂ ਉਨ੍ਹਾਂ ਨੂੰ ਰਾਹਤ ਮਿਲਣ ਦਾ ਕੰਮ ਸ਼ੁਰੂ ਹੋ ਗਿਆ ਤਾਂ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਬਾਹਰ ਨਾ ਆਉਣ ਅਤੇ ਦਿੱਲੀ ਸਰਕਾਰ ਨਾ ਚਲਾ ਸਕਣ। CBI ਦੇ ਲੋਕ ਉਨ੍ਹਾਂ ਨੂੰ ਫਸਾਉਂਦੇ ਹਨ ਜਿੰਨਾਂ ਤੋਂ ਬੀਜਪੀ ਨੂੰ ਖ਼ਤਰਾ ਹੈ।”