‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਵਪਾਰੀ ਪੂਰੀ ਤਰ੍ਹਾਂ ਨਾਲ ਡਰਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਪਾਰੀ, ਉਦਯੋਗਪਤੀ ਪੰਜਾਬ ਤੋਂ ਆਪਣੀਆਂ ਫੈਕਟਰੀਆਂ ਬੰਦ ਕਰਕੇ ਹਿਮਾਚਲ ਪ੍ਰਦੇਸ਼, ਰਾਜਸਥਾਨ , ਮੱਧ ਪ੍ਰਦੇਸ਼ ਜਾਂ ਕਿਤੇ ਹੋਰ ਜਾ ਰਹੇ ਹਨ। ਇਹ ਸਭ ਇਸ ਕਰਕੇ ਹੈ ਕਿਉਂਕਿ ਇੱਥੇ ਸਰਕਾਰੀ ਦੀ ਨੀਅਤ ਦੀ ਘਾਟ ਹੈ।
ਕੇਜਰੀਵਾਲ ਨੇ ਕਿਹਾ, ਆਪ ਦੀ ਸਰਕਾਰ ਆਵੇਗੀ ਤਾਂ ਅੰਮ੍ਰਿਤਸਰ ਨੂੰ ਵਰਲਡ ਆਈਕਨ ਸਿਟੀ ਬਣਾਉਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ, “ਪੂਰੇ ਪੰਜਾਬ ‘ਚ ਪਰਚਾ ਰਾਜ ਹੈ, ਜਿੰਨੇ ਪੁਰਾਣੇ ਝੂਠੇ ਪਰਚੇ ਇਨ੍ਹਾਂ ਨੇ ਕੀਤੇ ਹੋਏ ਹਨ, ਉਹ ਰੱਦ ਕੀਤੇ ਜਾਣਗੇ। ‘ਆਪ’ ਦੀ ਸਰਕਾਰ ਪੰਜਾਬ ‘ਚ ਪਰਚਾ ਰਾਜ ਬੰਦ ਕਰੇਗੀ”।
ਉਨ੍ਹਾਂ ਕਿਹਾ ਕਿ “ਸਰਕਾਰ ਇੰਡਸਟਰੀ ਨੂੰ ਤੰਗ ਕਰਦੀ ਹੈ, ਐੱਨਓਸੀ ਲਈ ਬਹੁਤ ਧੱਕੇ ਖਾਣੇ ਪੈਂਦੇ ਹਨ, ਅੱਜ ਵਪਾਰੀ ਬਹੁਤ ਡਰੇ ਹੋਏ ਹਨ, ਵਪਾਰੀ ਇੱਥੋਂ ਕੰਮ ਕਰਨ ਬਾਹਰ ਚਲੇ ਜਾਂਦੇ ਹਨ, ਉਨ੍ਹਾਂ ਨੂੰ ਵਾਪਸ ਲੈ ਕੇ ਆਵਾਂਗੇ।” ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਕਿ ਜੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ ਪੰਜਾਬ ‘ਚ ਦੁਬਾਰਾ ਅੱਗ ਲੱਗ ਜਾਵੇਗੀ, ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਦਿੱਲੀ ਤੋਂ ਨਹੀਂ ਪੰਜਾਬ ਤੋਂ ਚੱਲੇਗੀ।
ਚੰਨੀ ਦਾ ਭੁਲੇਖਾ ਕੀਤਾ ਦੂਰ
ਕੇਜਰੀਵਾਲ ਨੇ ਕਿਹਾ ਕਿ ਚੰਨੀ ਨੇ ਤਿੰਨ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਭਗਵੰਤ ਮਾਨ ਧੂਰੀ ਸੀਟ ਤੋਂ 20 ਹਜ਼ਾਰ ਸੀਟਾਂ ਨਾਲ ਹਾਰ ਰਹੇ ਹਨ। ਪਰ ਮੈਂ ਧੂਰੀ ਦਾ ਕੱਲ੍ਹ ਖੁਦ ਦੌਰਾ ਕੀਤਾ ਤਾਂ ਲੋਕਾਂ ਨੂੰ ਕਿਹਾ ਕਿ 51 ਹਜ਼ਾਰ ਵੋਟਾਂ ਨਾਲ ਭਗਵੰਤ ਮਾਨ ਨੂੰ ਜਿਤਾਵਾਂਗੇ।
ਵਪਾਰੀਆਂ ਤੋਂ ਮੰਗੀ ਵੋਟ
ਕੇਜਰੀਵਾਲ ਨੇ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।