ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਲਈ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਜ਼ਮਾਨਤ ਦਿੱਤੀ ਹੈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਹਮਲਾਵਰ ਹਨ। ਉਨ੍ਹਾਂ ਅੱਜ ਫਿਰ ਪ੍ਰਧਾਨ ਮੰਤਰੀ ‘ਤੇ ਸਿਆਸੀ ਹਮਲਾ ਬੋਲਦਿਆ ਕਿਹਾ ਕਿ ਨਰਿੰਦਰ ਮੋਦੀ ਨੂੰ ਦੱਸਣਾ ਚਾਹਿਦਾ ਹੈ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕੌਣ ਹੋਵੇਗਾ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਿਰਫ ਭਾਜਪਾ ਨੇਤਾਵਾਂ ਨੇ ਹੀ ਪੀ.ਐੱਮ ਮੋਦੀ ਦੇ ਰਿਟਾਇਰਮੈਂਟ ਤੋਂ ਇਨਕਾਰ ਕੀਤਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਇਸ ‘ਤੇ ਕੁਝ ਨਹੀਂ ਕਹਿ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਰਿਟਾਇਰ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ‘ਤੇ 75 ਸਾਲ ਦੀ ਉਮਰ ‘ਚ ਰਿਟਾਇਰਮੈਂਟ ਦਾ ਨਿਯਮ ਲਾਗੂ ਨਹੀਂ ਹੋਵੇਗਾ। ਕੇਜਰੀਵਾਲ ਨੇ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਹ ਨਿਯਮ ਸਿਰਫ ਅਡਵਾਨੀ ਲਈ ਹੀ ਸੀ? ਵਨ ਨੇਸ਼ਨ-ਵਨ ਲੀਡਰ ਵਿਚਾਰ ਤਹਿਤ ਉਹ ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਭੇਜ ਕੇ ਆਪਣੇ ਨੇਤਾਵਾਂ ਦੀ ਰਾਜਨੀਤੀ ਨੂੰ ਖਤਮ ਕਰ ਰਹੇ ਹਨ।
ਪੀਐਮ ਮੋਦੀ ਨੇ ਸ਼ਿਵਰਾਜ ਸਿੰਘ ਚੌਹਾਨ, ਵਸੁੰਧਰਾ ਰਾਜੇ, ਡਾ: ਰਮਨ ਸਿੰਘ ਵਰਗੇ ਨੇਤਾਵਾਂ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ। ਹੁਣ ਅਗਲਾ ਨੰਬਰ ਯੂਪੀ ਦੇ ਮੁੱਖ ਮੰਤਰੀ ਯੋਗੀ ਦਾ ਹੈ। ਭਾਜਪਾ ਕਹਿ ਰਹੀ ਹੈ ਕਿ ਮੋਦੀ ਜੀ ਰਿਟਾਇਰ ਨਹੀਂ ਹੋਣਗੇ, ਪਰ ਇਹ ਨਹੀਂ ਕਹਿ ਰਹੇ ਹਨ ਕਿ ਯੋਗੀ ਜੀ ਨੂੰ ਨਹੀਂ ਹਟਾਇਆ ਜਾਵੇਗਾ। ਇਸ ਦਾ ਮਤਲਬ ਇਹ ਤੈਅ ਹੈ ਕਿ ਯੋਗੀ ਨੂੰ ਅਗਲੇ ਦੋ ਮਹੀਨਿਆਂ ‘ਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ।
ਕੇਜਰੀਵਾਲ ਨੇ ਪਹਿਲਾਂ ਵੀ ਭਾਜਪਾ ਤੋਂ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ। ਕੀ ਭਾਜਪਾ ਉਨ੍ਹਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਵਾਂਗ ਰਿਟਾਇਰ ਕਰੇਗੀ? ਜੇਕਰ ਭਾਜਪਾ ਇਹ ਚੋਣ ਜਿੱਤ ਜਾਂਦੀ ਹੈ ਤਾਂ ਮੋਦੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ। ਜਿਸ ਦਾ ਜਵਾਬ ਦਿੰਦਿਆ ਅਮਿਤ ਸ਼ਾਹ ਨੇ ਕਿਹਾ ਸੀ ਕਿ ਮੈਂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਅਤੇ ਪੂਰੇ ਇੰਡੀਅਨ ਅਲਾਇੰਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਜੀ 75 ਸਾਲ ਦੇ ਹੋ ਗਏ ਹਨ, ਇਸ ਤੋਂ ਖੁਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਇਹ ਭਾਜਪਾ ਦੇ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਹੈ। ਸਿਰਫ਼ ਮੋਦੀ ਜੀ ਹੀ ਇਹ ਕਾਰਜਕਾਲ ਪੂਰਾ ਕਰਨਗੇ। ਮੋਦੀ ਜੀ ਅੱਗੇ ਵੀ ਦੇਸ਼ ਦੀ ਅਗਵਾਈ ਕਰਦੇ ਰਹਿਣਗੇ। ਭਾਜਪਾ ਵਿੱਚ ਕੋਈ ਭੰਬਲਭੂਸਾ ਨਹੀਂ ਹੈ।
ਇਹ ਵੀ ਪੜ੍ਹੋ – ਮਾਂ ਦਿਵਸ ਮੌਕੇ ਮੂਸੇਵਾਲਾ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ, ਮੰਗਿਆ ਇਨਸਾਫ਼