India

ਕੇਜਰੀਵਾਲ ਦੇ ਵਿਦੇਸ਼ੀ ਦੌਰੇ ‘ਤੇ ਰੋਕ !ਗੁੱਸੇ ‘ਚ ਆਪ ਸੁਪ੍ਰੀਮੋ ਨੇ ਚੁੱਕਿਆ ਇਹ ਕਦਮ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਿੰਗਾਪੁਰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਗਲਤ

ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਵਿਸ਼ਵ ਸ਼ਹਿਰੀ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਿੰਗਾਪੁਰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿੱਲੀ ਦੇ ਸ਼ਾਸਨ ਦੇ ਮਾਡਲ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕਰਨ ਦਾ ਮੌਕਾ ਹੈ। ਇੱਕ ਮੁੱਖ ਮੰਤਰੀ ਨੂੰ ਇੰਨੇ ਵੱਡੇ ਮੰਚ ‘ਤੇ ਜਾਣ ਤੋਂ ਰੋਕਣਾ ਕੌਮੀ ਹਿੱਤ ਦੇ ਵਿਰੁੱਧ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਦੇਸ਼ ਵੱਲੋਂ ਹਿੱਸਾ ਲੈ ਸਕਣ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

LG ਨੇ ਹੁਣ ਤੱਕ ਨਹੀਂ ਦਿੱਤੀ ਇਜਾਜ਼ਤ

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਕੇਜਰੀਵਾਲ ਦੇ ਸਿੰਗਾਪੁਰ ਦੌਰੇ ਦੀ ਫਾਈਲ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕੇਜਰੀਵਾਲ ਨੂੰ ਸਿੰਗਾਪੁਰ ਵਿੱਚ ਹੋਣ ਵਾਲੇ ਵਿਸ਼ਵ ਸ਼ਹਿਰੀ ਸੰਮੇਲਨ 2022 ਲਈ ਉਸ ਦੇਸ਼ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ 1 ਜੂਨ ਨੂੰ ਇੱਕ ਮੀਟਿੰਗ ਵਿੱਚ ਸੱਦਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਇਸ ਸਮਾਗਮ ਵਿੱਚ ਜਾਣਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਅਤੇ ਕੇਜਰੀਵਾਲ ਆਹਮੋ ਸਾਹਮਣੇ ਆ ਗਏ ਸਨ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਫ੍ਰੀ ਦੀ ਰੇਵੜੀ ਵੰਡਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਉਹ ਵੱਡੇ-ਵੱਡੇ ਹਾਈਵੇਅ ਨਹੀਂ ਬਣਾ ਸਕਦੇ ਅਤੇ ਦੇਸ਼ ਦਾ ਵਿਕਾਸ ਨਹੀਂ ਕਰ ਸਕਦੇ । ਜਿਸ ਦੇ ਜਵਾਬ ਵਿੱਚ ਕੇਜਰੀਵਾਲ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਮੁਫ਼ਤ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੇਣਾ ਚਾਹੁੰਦੇ ਹਨ ਤਾਂ ਕਿ ਦੇਸ਼ ਦੇ ਭਵਿੱਖ ਦੀ ਬੁਨਿਆਦ ਮਜਬੂਤ ਹੋ ਸਕੇ। ਜੇਕਰ ਪ੍ਰਧਾਨ ਮੰਤਰੀ ਨੂੰ ਇਹ ਮੁਫ਼ਤ ਦੀ ਰੇਵੜੀ ਲੱਗ ਰਹੀ ਹੈ ਤਾਂ ਉਹ ਅੱਗੇ ਵੀ ਦਿੰਦੇ ਰਹਿਣਗੇ।